ਨਕਾਬਪੋਸ਼ ਲੁਟੇਰਿਆਂ ਨੇ ਪਿਸਤੋਲ ਦੀ ਨੋਕ ‘ਤੇ ਲੁੱਟੇ ਗਹਿਣੇ
ਪਿੰਡ ਵਾਂਦਰ ਜਟਾਣਾ ਦੀ ਹੈ ਘਟਨਾ
ਦੇਖੋ ਸੀਸੀਟੀਵੀ ਵਿੱਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ
ਕੋਟਕਪੂਰਾ, 20 ਜੁਲਾਈ (ਵਿਸ਼ਵ ਵਾਰਤਾ)- ਅੱਜ ਦੁਪਹਿਰ ਸਮੇਂ ਥਾਣਾ ਸਦਰ ਕੋਟਕਪੂਰਾ ਦੇ ਪਿੰਡ ਵਾਂਦਰ ਜਟਾਣਾ ਵਿਖੇ ਦੋ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਰਾਜਨ ਜਿਊਲਰਜ਼ ਨਾਮ ਦੀ ਦੁਕਾਨ ਤੋਂ ਪਿਸਤੋਲ ਦੀ ਨੋਕ ‘ਤੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਕੇ ਲੈ ਜਾਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਵਾਂਦਰ ਜਟਾਣਾ ਵਿਖੇ ਉਸਦੇ ਬੇਟੇ ਦੀ ਰਾਜਨ ਜਿਊਲਰਜ਼ ਨਾਮ ਦੀ ਦੁਕਾਨ ਹੈ ਅਤੇ ਅੱਜ ਦੁਪਹਿਰ 12:15 ਵਜੇ ਦੇ ਕਰੀਬ ਦੋ ਵਿਅਕਤੀ ਜਿੰਨ੍ਹਾਂ ਦੇ ਮੂੰਹ ਢਕੇ ਹੋਏ ਸਨ ਅਚਾਨਕ ਦੁਕਾਨ ਅੰਦਰ ਵੜੇ ਅਤੇ ਪਿਸਤੋਲ ਦੀ ਨੋਕ ‘ਤੇ ਦੁਕਾਨ ਵਿੱਚ ਪਏ ਸੋਨੇ ਤੇ ਚਾਂਦੀ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਲੁੱਟੇ ਗਏ ਗਹਿਣਿਆਂ ਦੀ ਅੰਦਾਜਨ ਕੀਮਤ 4-5 ਲੱਖ ਰੁਪਏ ਬਣਦੀ ਹੈ। ਇਸ ਲੁੱਟ ਦੀ ਵਾਰਦਾਤ ਦੌਰਾਨ ਲੁੱਟੇਰਿਆਂ ਵੱਲੋਂ ਦੁਕਾਨਦਾਰ ਨਾਲ ਕੁੱਟਮਾਰ ਵੀ ਕੀਤੀ ਗਈ। ਲੁੱਟ ਦੀ ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਸਬੰਧ ਵਿੱਚ ਬਲਕਾਰ ਸਿੰਘ ਸੰਧੂ ਡੀ.ਐੱਸ.ਪੀ. ਕੋਟਕਪੂਰਾ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੀੜ੍ਹਤ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
