ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ
ਚੰਡੀਗੜ੍ਹ, 13 ਜੂਨ (ਵਿਸ਼ਵ ਵਾਰਤਾ) : ਨਕੋਦਰ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਕ ਮਾਮਲੇ ਵਿਚ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡੀ ਰਾਹਤ ਮਿਲੀ ਹੈ। ਗੁਰਦਾਸ ਮਾਨ ਦੇ ਖਿਲਾਫ ਇਹ ਮਾਮਲਾ 2021 ਵਿਚ ਦਰਜ ਕੀਤਾ ਗਿਆ ਸੀ। ਹੁਣ ਹਾਈਕੋਰਟ ਨੇ ਇਸ ਮਾਮਲੇ ਨੂੰ ਰੱਦ ਕਰਨ ਦੀ ਮੰਜੂਰੀ ਦੇ ਦਿੱਤੀ ਹੈ। ਹੇਠਲੀ ਅਦਾਲਤ ਨੇ ਇਹ ਮਾਮਲਾ 22 ਫਰਵਰੀ ਨੂੰ ਇਸੇ ਸਾਲ ਰੱਦ ਕਰ ਦਿੱਤਾ ਸੀ। ਪਰ ਹੇਠਲੀ ਅਦਾਲਤ ਨੇ ਇਸ ਫੈਸਲੇ ਦੇ ਖਿਲਾਫ ਸ਼ਿਕਾਇਤਕਰਤਾ ਨੇ ਪਟੀਸ਼ਨ ਪਾਈ ਸੀ ਜਿਸਨੂੰ ਹਾਈਕੋਰਟ ਵਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਹ ਹੁਣ ਇਸ ਮਾਮਲੇ ਨੂੰ ਸੁਪਰੀਮ ਕੋਰਟ ‘ਚ ਲੈ ਕੇ ਜਾਣਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਜਿੰਦਰ ਸਿੰਘ ਉਰਫ ਝੀਂਡਾ ਨੇ ਅਗਸਤ 2021 ਨੂੰ ਧਾਰਾ 395-ਏ ਅਧੀਨ ਇਹ ਮਾਮਲਾ ਨਕੋਦਰ ਥਾਣੇ ਵਿਚ ਦਰਜ ਕਰਵਾਇਆ ਸੀ। ਦੱਸ ਦੇਈਏ ਕਿ ਨਕੋਦਰ ‘ਚ ਆਯੋਜਿਤ ਇਕ ਮੇਲੇ ਦੌਰਾਨ ਗੁਰਦਾਸ ਮਾਨ ਨੇ ਕਿਹਾ ਸੀ ਕਿ ਸਿੱਖ ਗੁਰੂ ਅਮਰਦਾਸ ਜੀ ਅਤੇ ਲਾਡੀ ਸਾਈਂ ਇਕ ਹੀ ਵੰਸ਼ ਵਿਚੋਂ ਸਨ। ਇਸ ਬਿਆਨ ਤੋਂ ਬਾਅਦ ਉਹ ਵਿਵਾਦਾਂ ‘ਚ ਘਿਰ ਗਏ ਸਨ। ਇਸ ਬਿਆਨ ਕਰਕੇ ਉਨ੍ਹਾਂ ਵਿਰੁੱਧ 26 ਅਗਸਤ 2021 ਨੂੰ ਨਕੋਦਰ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।