ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਚੰਡੀਗੜ੍ਹ,22 ਅਗਸਤ(ਵਿਸ਼ਵ ਵਾਰਤਾ)-ਅੱਜ ਇਥੇ ਅੰਮ੍ਰਿਤਸਰ ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪੰਜਾਬ ਭਾਈ ਮਨਜੀਤ ਸਿੰਘ ਭੋਮਾ ਵੱਲੋਂ ਸੰਤਾਂ ਮਹਾਂਪੁਰਖਾਂ,ਸਿੱਖ ਬੁੱਧੀਜੀਵੀਆਂ, ਪੰਥਕ ਦਰਦੀਆਂ,ਸਕੂਲਾਂ ਦੇ ਮਾਸਟਰਾਂ ਹੈੱਡ ਮਾਸਟਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਪੰਜਾਬ ਵਿੱਚ ਆਏ ਧਾਰਮਿਕ ਨਿਘਾਰ ਤੇ ਡੂੰਘੀ ਚਿੰਤਾ ਜਤਾਈ, ਅਤੇ ਰੋਜਾਨਾਂ ਦੇ ਜੀਵਨ ਵਿੱਚ ਵਾਪਰ ਰਹੀਆਂ ਧਾਰਮਿਕ ਗਲਤੀਆਂ ਸੁਧਾਰਨ ਲਈ ਸ਼ੁਰੂਆਤ ਕਰਨ ਨੂੰ ਪਹਿਲ ਦਿੱਤੀ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਸਾਡੀ ਨਵੀਂ ਪਨੀਰੀ ਜੋ ਕਿ ਸਿੱਖ ਵਿਦਿਆਰਥੀ ਸਕੂਲਾਂ ਵਿੱਚ ਪੜਦੇ ਹਨ ਉਹਨਾਂ ਦਾ ਸਿੱਖ ਰਹਿਤ-ਮਰਿਆਦਾਵਾਂ ਬਾਰੇ ਜਾਨਣਾਂ ਬਹੁਤ ਜਰੂਰੀ ਹੈ ਜਿਸ ਦੇ ਤਹਿਤ ਭਾਈ ਭੋਮਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਪੱਤਰ ਲਿਖਿਆ ਗਿਆ ਹੈ ਤੇ ਨਾਲ ਹੀ ਪ੍ਰੈਸ ਨੋਟ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਕਿਹਾ ਕਿ ਪੰਜਾਬ ਭਰ ਦੇ ਸਾਰੇ ਸਕੂਲਾਂ ਵਿੱਚ ਸਵੇਰ ਦੀ ਸਭਾ ਲਾਜ਼ਮੀ ਕਰਵਾਈ ਜਾਂਦੀ ਹੈ ਜਿਸ ਵਿੱਚ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ਨਿਰਧਾਰਤ ਸਮਾਂ ਸਾਰਣੀਂ ਅਤੇ ਸਭਾ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਨਿਰਧਾਰਤ ਹਨ ਜਿਵੇਂ ਕਿ ਮੂਲ ਮੰਤਰ ਸਾਹਿਬ ਦਾ ਪਾਠ, ਸ਼ਬਦ ਗਾਇਨ, ਯੋਗ ਆਸਣ, ਖ਼ਬਰਾਂ, ਅੱਜ ਦਾ ਵਿਚਾਰ, ਕਿਸੇ ਇੱਕ ਅਧਿਆਪਕ ਦੁਆਰਾ ਸੰਖੇਪ ਸੰਬੋਧਨ ਅਤੇ ਰਾਸ਼ਟਰੀ ਗਾਣ ਆਦਿ। ਪਰੰਤੂ ਜਦੋਂ ਵਿਦਿਆਰਥੀ ਮੂਲ-ਮੰਤਰ ਸਾਹਿਬ ਦਾ ਪਾਠ ਜਾਂ ਸ਼ਬਦ ਗਾਇਨ ਕਰ ਰਹੇ ਹੁੰਦੇ ਹਨ ਤਾਂ ਗੁਰ ਰਹਿਤ ਮਰਿਆਦਾ ਅਨੁਸਾਰ ਉਹਨਾਂ ਦੇ ਸਿਰ ਢੱਕੇ ਹੋਏ ਹੋਣੇ ਚਾਹੀਦੇ ਹਨ, ਪਰ ਅਕਸਰ ਹੀ ਉਹਨਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਦੇ ਸਿਰ ਨੰਗੇ ਹੁੰਦੇ ਹਨ ਜੋ ਕਿ ਧਾਰਮਿਕ ਮਰਿਆਦਾ ਅਨੁਸਾਰ ਗਲਤ ਹੈ। ਸਕੂਲ ਦੀ ਸਭਾ ਵਿੱਚ ਬੋਲੇ ਜਾਣ ਵਾਲੇ:-
ਮੂਲ-ਮੰਤਰ ਸਾਹਿਬ ਦਾ ਪਾਠ, ਜੋ ਮਾਂਗਹਿ ਠਾਕੁਰ ਅਪਨੇ ਤੇ, ਦੇਹ ਸ਼ਿਵਾ ਬਰੁ ਮੋਹਿ ਇਹੈ ਜਾਂ ਹੋਰ ਵੀ ਸ਼ਬਦ ਵਿਦਿਆਰਥੀਆਂ ਨੇ ਆਪਣੇਂ ਜੀਵਨ ਦੇ ਸ਼ੁਰੂਆਤੀ ਸਮੇਂ ਵਿੱਚ ਧਰਮਾਂ ਪ੍ਰਤੀ ਗਿਆਨ, ਗੁਰ ਰਹਿਤ ਮਰਿਆਦਾ, ਜੀਵਨ ਸਿਧਾਂਤਾਂ, ਸੰਸਕਾਰਾਂ ਅਤੇ ਜੀਵਨ ਸ਼ੈਲੀ ਨੂੰ ਸਿੱਖਣਾਂ ਹੁੰਦਾ ਹੈ ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਸਕੂਲੀ ਸਿੱਖਿਆ ਹੀ ਪਾ ਸਕਦੀ ਹੈ। ਪੰਜਾਬ ਇਕ ਧਰਮ ਨਿਰਪੱਖ ਰਾਜ ਹੈ ਇਥੇ ਬਾਕੀ ਧਰਮਾਂ ਨਾਲ ਸਬੰਧਤ ਵੀ ਕੁਝ ਵਿੱਦਿਅਕ ਸੰਸਥਾਵਾਂ ਵੀ ਚਲਦੀਆਂ ਹਨ। ਜਿਥੇ ਉਹਨਾਂ ਦੀਆਂ ਧਾਰਮਿਕ ਪ੍ਰੰਪਰਾਵਾਂ ਦੇ ਅਨੁਸਾਰ ਸਵੇਰ ਦੀ ਸਭਾ ਵਿੱਚ ਕੁਝ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਪਰ ਇਹਨਾਂ ਸੰਸਥਾਵਾਂ ਵਿੱਚ ਸਿੱਖ ਵਿਦਿਆਰਥੀ ਵੀ ਪੜਦੇ ਹਨ। ਜੇਕਰ ਇਹਨਾਂ ਸੰਸਥਾਵਾਂ ਵਿੱਚੋਂ ਕਿਸੇ ਵਿੱਚ ਵੀ ਸ਼ਬਦ ਗਾਇਨ ਕੀਤੇ ਜਾਂਦੇ ਹਨ ਤਾਂ ਉਥੇ ਵੀ ਵਿਦਿਆਰਥੀਆਂ ਦਾ ਰਹਿਤ-ਮਰਿਆਦਾ ਅਨੁਸਾਰ ਸਿਰ ਢੱਕਣਾਂ ਅਤੀਅੰਤ ਲਾਜ਼ਮੀ ਹੁੰਦਾ ਹੈ, ਪਰੰਤੂ ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਸਿਰ ਨੰਗੇ ਹੁੰਦੇ ਹਨ। ਸਵੇਰ ਦੀ ਸਭਾ ਤੋਂ ਇਲਾਵਾ ਵੀ ਸਕੂਲਾਂ ਵਿੱਚ ਵੱਖ-ਵੱਖ ਸਮਿਆਂ ਤੇ ਕਰਵਾਏ ਜਾਂਦੇ ਹੋਰ ਸਮਾਗਮਾਂ ਦੇ ਸਮੇਂ ਵੀ ਸਟੇਜ ਤੇ ਸ਼ਬਦ ਗਾਇਨ ਹੋ ਰਿਹਾ ਹੁੰਦਾ ਹੈ ਤਾਂ ਪੰਡਾਲ ਵਿੱਚ ਬੈਠੇ ਸਮੂਹ ਦਰਸ਼ਕਾਂ ਦਾ ਸਿਰ ਢੱਕਣਾਂ ਵੀ ਲਾਜ਼ਮੀ ਬਣਦਾ ਹੈ ਤਦ ਹੀ ਗੁਰੂ ਸਹਿਬਾਨਾਂ ਦੀ ਗੁਰਬਾਣੀ ਦਾ ਅਦਬ-ਸਤਿਕਾਰ ਸਮਝਿਆ ਜਾਵੇਗਾ। ਸੋ ਇਸ ਗੱਲ ਨੂੰ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਪਹਿਲ ਕਰਦੇ ਹੋਏ ਸਕੂਲਾਂ ਨੂੰ ਹਦਾਇਤਾ/ਗਾਈਡਲਾਈਨਜ਼ ਜਾਰੀ ਕਰਨ ਤਾਂ ਜੋ ਇਸ ਧਾਰਮਿਕ ਮਾਣ-ਮਰਿਆਦਾ ਨੂੰ ਬਣਾਈ ਰੱਖਿਆ ਜਾ ਸਕੇ।