ਦੋ ਲੜਕੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਹਤਿਆਰਾ 24 ਘੰਟਿਆਂ ਵਿੱਚ ਪੁਲਿਸ ਅੜਿੱਕੇ
– ਮੋਗਾ ਪੁਲਿਸ ਦੀ ਤੁਰੰਤ ਮੁਸਤੈਦੀ ਨਾਲ ਮਿਲੀ ਸਫਲਤਾ
ਚੰਡੀਗੜ/ਮੋਗਾ, 19 ਮਾਰਚ ( ਵਿਸ਼ਵ ਵਾਰਤਾ )-ਬੀਤੇ ਦਿਨੀਂ ਪਿੰਡ ਮਾਣੂਕੇ ਵਿਖੇ ਦੋ ਨੌਜਵਾਨ ਲੜਕੀਆਂ ਨੂੰ ਗੋਲੀ ਮਾਰ ਕੇ ਮਾਰ ਦੇਣ ਦੀ ਖੌਫਨਾਕ ਘਟਨਾ ਨੂੰ ਜਿਲਾ ਮੋਗਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾ ਲਿਆ ਹੈ। ਇਸ ਘਟਨਾ ਦੇ ਮੁੱਖ ਮੁਲਜਮ ਨੂੰ ਘਟਨਾ ਮੌਕੇ ਵਰਤੇ ਹਥਿਆਰ ਅਤੇ ਵਾਹਨ ਸਮੇਤ ਗਿ੍ਰਫਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸ੍ਰ ਹਰਮਨ ਬੀਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਦੋ ਨੌਜਵਾਨ ਲੜਕੀਆਂ ਨੂੰ ਲਗਭਗ 35 ਸਾਲ ਦੀ ਉਮਰ ਦੇ ਇਕ ਨੌਜਵਾਨ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੋਗਾ ਪੁਲਿਸ ਘਿਨਾਉਣੇ ਹਰਕਤ ਦੀ ਸੂਚਨਾ ਮਿਲਣ ‘ਤੇ ਤੁਰੰਤ ਹਰਕਤ ਵਿਚ ਆ ਗਈ।
ਉਹਨਾਂ ਦੱਸਿਆ ਕਿ ਪਿੰਡ ਸ਼ੇਖਾ ਪੁਲਿਸ ਥਾਣਾ ਸਮਾਲਸਰ, ਮੋਗਾ ਦੀਆਂ ਰਹਿਣ ਵਾਲੀਆਂ ਪੀੜਤ ਲੜਕੀਆਂ ਅਮਨਦੀਪ ਕੌਰ ਦੀ ਉਮਰ 23 ਸਾਲ ਅਤੇ ਕਮਲਪ੍ਰੀਤ ਕੌਰ ਦੀ 24 ਸਾਲ ਸੀ ਅਤੇ ਦੋਵੇਂ ਭੈਣਾਂ ਸਨ। ਲੜਕੀ ਅਮਨਦੀਪ ਕੌਰ ਦਸਮੇਸ਼ ਕਾਲਜ ਡਗਰੂ ਵਿਖੇ ਇਮਤਿਹਾਨ ਦੇਣ ਗਈ ਸੀ ਅਤੇ ਉਸਦੀ ਭੈਣ ਕਮਲਪ੍ਰੀਤ ਕੌਰ ਉਸ ਨਾਲ ਕਾਲਜ ਗਈ ਹੋਈ ਸੀ, ਜਦੋਂ ਪ੍ਰੀਖਿਆ ਪੂਰੀ ਹੋਣ ਤੋਂ ਬਾਅਦ ਦੋਵੇਂ ਲੜਕੀਆਂ ਆਪਣੇ ਪਿੰਡ ਜਾ ਰਹੀਆਂ ਸਨ ਤਾਂ ਮੁਲਜ਼ਮ ਗੁਰਵੀਰ ਸਿੰਘ ਪੁੱਤਰ ਜਗਦੇਵ ਸਿੰਘ ਸਰਪੰਚ ਪਿੰਡ ਸ਼ੇਖਾ ਉਹਨਾਂ ਨੂੰ ਮਿਲਿਆ ਅਤੇ ਜਬਰਦਸਤੀ ਉਨਾਂ ਨੂੰ ਆਪਣੀ ਕਾਰ (ਰਜਿਸਟ੍ਰੇਸਨ ਨੰਬਰ ਪੀਬੀ -03-ਵਾਈ- 3450) ਵਿਚ ਅਗਵਾ ਕਰ ਲਿਆ ਅਤੇ ਅਗਵਾ ਕਰਨ ਤੋਂ ਬਾਅਦ ਮੁਲਜ਼ਮ ਕਾਰ ਨੂੰ ਬਾਘਾਪੁਰਾਣਾ ਖੇਤਰ ਵੱਲ ਲੈ ਗਿਆ।
ਰਸਤੇ ਵਿੱਚ ਕਿਸੇ ਗੱਲ ਉੱਤੇ ਆਪਸੀ ਬਹਿਸ ਹੋਣ ਉਪਰੰਤ ਨਹਾਲ ਸਿੰਘ ਵਾਲਾ ਨੇੜੇ ਪਿੰਡ ਮਾਣੂੰਕੇ ਪਹੁੰਚਣ ‘ਤੇ ਮੁਲਜ਼ਮ ਨੇ ਲੜਕੀਆਂ ‘ਤੇ 5 ਗੋਲੀਆਂ ਚਲਾਈਆਂ, ਜੌ ਕਿ ਉਹਨਾਂ ਦੇ ਗਰਦਨ ਅਤੇ ਸਿਰਾਂ ‘ਤੇ ਵੱਜੀਆਂ, ਜਿਸ ਕਾਰਨ ਇਕ ਪੀੜਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜੀ ਹਸਪਤਾਲ ਲਿਜਾਂਦੇ ਸਮੇਂ ਪੂਰੀ ਹੋ ਗਈ।
ਇਸ ਘਟਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਮੋਗਾ ਪੁਲਿਸ ਨੇ ਸਾਰੀ ਰਾਤ ਪੂਰੀ ਕੋਸ਼ਿਸ਼ ਕੀਤੀ ਅਤੇ ਅਖੀਰ ਵਿੱਚ ਮੁਲਜ਼ਮ ਨੂੰ 24 ਘੰਟਿਆਂ ਵਿੱਚ ਆਲਟੋ ਕਾਰ ਅਤੇ 32 ਬੋਰ ਰਿਵਾਲਵਰ ਸਮੇਤ ਗਿ੍ਰਫਤਾਰ ਕਰ ਲਿਆ। ਦੱਸਣਯੋਗ ਹੈ ਕਿ ਮੁਲਜ਼ਮ ਦਾ ਪਿਤਾ ਪਿੰਡ ਸ਼ੇਖਾ ਦਾ ਸਰਪੰਚ ਹੈ। ਇਸ ਮਾਮਲੇ ਸਬੰਧੀ ਐਫਆਈਆਰ ਨੰ. 40 ਮਿਤੀ 18-03-2013 ਯੂ / ਐਸ 302, 307 ਆਈਪੀਸੀ 25, 27-54 / 59 ਆਰਮਜ ਐਕਟ ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਜ਼ਿਲਾ ਮੋਗਾ ਵਿਖੇ ਦਰਜ ਕੀਤੀ ਗਈ ਹੈ। ਦੋਸ਼ੀ ਤੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।