ਦੋ ਅਦਾਰਿਆਂ ਦੀਆਂ ਪ੍ਰੀਖਿਆਵਾਂ ਦੇ ਦਿਨ ਭਿੜੇ,
ਉਮੀਦਵਾਰ ਪ੍ਰੇਸ਼ਾਨੀ ’ਚ ਘਿਰੇ
ਬਠਿੰਡਾ, 31 ਜੁਲਾਈ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਵੱਲੋਂ ਲਈ ਜਾਣ ਵਾਲੀ ਪ੍ਰੀਖਿਆ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਪੀਐੱਸਐੱਸਐੱਸਬੀ) ਦੀਆਂ ਪ੍ਰੀਖਿਆਵਾਂ ਇੱਕੋ ਦਿਨ ਹੋਣ ਕਾਰਨ ਦੋਵੇਂ ਪ੍ਰੀਖਿਆਵਾਂ ਲਈ ਬਿਨੈ-ਪੱਤਰ ਦੇਣ ਵਾਲੇ ਉਮੀਦਵਾਰ ਪ੍ਰੇਸ਼ਾਨ ਹਨ।
ਯੂਪੀਐੱਸਸੀ ਵੱਲੋਂ ਪ੍ਰੀਖਿਆ ਦੀ ਤਰੀਕ 8 ਅਗਸਤ ਪਹਿਲਾਂ ਤੋਂ ਨਿਸ਼ਚਿਤ ਕੀਤੀ ਹੋਈ ਸੀ, ਜਦੋਂ ਕਿ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਵੀ ਪਟਵਾਰੀ, ਜ਼ਿਲ੍ਹੇਦਾਰ ਅਤੇ ਸਿੰਜਾਈ ਬੁਕਿੰਗ ਕਲਰਕਾਂ ਦੀਆਂ ਪ੍ਰੀਖਿਆਵਾਂ ਦੀ ਤਰੀਕ ਵੀ 8 ਅਗਸਤ ਹੀ ਨਿਰਧਾਰਿਤ ਕਰ ਦਿੱਤੀ ਗਈ ਹੈ। ਕਈ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੇ ਦੋਵੇਂ ਪ੍ਰੀਖਿਆਵਾਂ ਲਈ ਬਿਨੈ ਪੱਤਰ ਭੇਜੇ ਹੋਏ ਹਨ ਪਰ ਦੋਵੇਂ ਪ੍ਰੀਖਿਆਵਾਂ ਇੱਕੋ ਦਿਨ ਹੋਣ ਕਾਰਨ ਉਮੀਦਵਾਰ ਬੇਚੈਨ ਹਨ।
ਅਜਿਹੇ ਉਮੀਦਵਾਰਾਂ ਨੇ ਦੱਸਿਆ ਕਿ ਉਹ ਲੰਮੇ ਅਰਸੇ ਤੋਂ ਯੂਪੀਐੱਸਸੀ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਪੀਐੱਸਐੱਸਐੱਸਬੀ ਦੀਆਂ ਪ੍ਰੀਖਿਆਵਾਂ ਲਈ ਵੀ ਬਿਨੈ ਪੱਤਰ ਭੇਜਿਆ ਸੀ। ਹੁਣ ਦੋਵੇਂ ਪ੍ਰੀਖਿਆਵਾਂ ਦੀ ਤਰੀਕ ਇੱਕੋ ਆ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਪ੍ਰੀਖਿਆਵਾਂ ਦੇ ਕੇਂਦਰ ਵੱਖ-ਵੱਖ ਸ਼ਹਿਰਾਂ ’ਚ ਹੋਣ ਕਰਕੇ ਅਜਿਹੀ ਸਥਿਤੀ ’ਚ ਉਹ ਸਿਰਫ ਇੱਕੋ ਪ੍ਰੀਖਿਆ ਦੇ ਸਕਣਗੇ। ਅਜਿਹੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਪੀਐੱਸਐੱਸਐੱਸਬੀ ਦੀ ਪ੍ਰੀਖਿਆ ਦੀ ਤਰੀਕ ਅਗਾਂਹ ਕੀਤੀ ਜਾਵੇ।