ਹਾਈਸਿੰਥ ਬੂਟੀ ਹਰ ਵਾਰ ਬਣਦੀ ਹੈ ਹੜ੍ਹਾਂ ਦਾ ਮੁੱਖ ਕਾਰਨ
ਸੰਤ ਸੀਚੇਵਾਲ ਜੀ ਵੱਲੋਂ ਕਾਰਸੇਵਕਾਂ ਨੂੰ ਨਾਲ ਲੈ ਕੇ ਬੂਟੀ ਬਾਹਰ ਕੱਢਣ ਦਾ ਕੰਮ ਜਾਰੀ
ਸੁਲਤਾਨਪੁਰ ਲੋਧੀ, 31 ਜੁਲਾਈ ( ਵਿਸ਼ਵ ਵਾਰਤਾ)-ਪਿਛਲ਼ੇ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੂੰ ਵੇਖਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਪਵਿੱਤਰ ਕਾਲੀ ਵੇਈਂ ਵਿੱਚੋਂ ਜਲਕੁੰਭੀ ਬੂਟੀ ਬਾਹਰ ਕੱਢਣ ਦੀ ਕਾਰਸੇਵਾ ਜਾਰੀ ਹੈ। ਇਸ ਵਾਰ ਪਏ ਭਾਰੀ ਮੀਂਹ ਕਾਰਨ ਸੁਲਤਾਨਪੁਰ ਲੋਧੀ ਵਿਚ ਵਗਦੀ 165 ਕਿਲੋਮੀਟਰ ਲੰਬੀ ਬਾਬੇ ਨਾਨਕ ਦੀ ਵੇਈਂ ਵਿੱਚ ਪਾਣੀ ਦੀ ਮਾਤਰਾ ਵੱਧ ਗਈ ਹੈ। ਜਿਸ ਨਾਲ ਕਈ ਥਾਵਾਂ ਤੇ ਕਿਸਾਨਾਂ ਦੀ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਤੇ ਕਈ ਥਾਵਾਂ ਤੇ ਖੇਤਾਂ ਦੇ ਨਾਲ ਪਾਣੀ ਲੱਗ ਗਿਆ ਹੈ। ਵੇਈਂ ਵਿੱਚ ਜਲ ਕੰੁਭੀ ਬੂਟੀ ਵੱਡੀ ਪੱਧਰ ਤੇ ਹੋਣ ਨਾਲ ਇਹ ਪੁਲਾਂ ਹੇਠ ਫਸ ਗਈ ਹੈ, ਜਿਸਨੂੰ ਸੰਤ ਸੀਚੇਵਾਲ ਜੀ ਵੱਲੋਂ ਕਾਰਸੇਵਕਾਂ ਨੂੰ ਨਾਲ ਲੈ ਕੇ ਮਸ਼ੀਨਾਂ ਤੇ ਬੋਟਾਂ ਰਾਹੀਂ ਬਾਹਰ ਕੱਢੀ ਜਾ ਰਹੀ ਹੈ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੇ ਕਿਹਾ ਕਿ ਉਹ ਸੇਵਾਦਾਰਾਂ ਨੂੰ ਨਾਲ ਲੈ ਕੇ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਬੂਟੀ ਕੱਢਣ ਵਿੱਚ ਲਗੇ ਹੋਏ ਹਨ। ਉਹਨਾਂ ਦੱਸਿਆ ਕਿ ਇਹ ਬੂਟੀ ਬਰਸਾਤਾਂ ਦੌਰਾਨ ਹੜ੍ਹ ਆਉਣ ਦਾ ਮੁੱਖ ਕਾਰਨ ਵੀ ਬਣਦੀ ਹੈ। ਇਸ ਬੂਟੀ ਨਾਲ ਪਾਣੀ ਨੂੰ ਰੋਕ ਲੱਗਣ ਕਰਕੇ ਕਿਸਾਨਾਂ ਦੀ ਫਸਲ ਨੂੰ ਹਰ ਵਾਰ ਭਾਰੀ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਦੱਸਿਆਂ ਕਿ ਮਸ਼ੀਨਾਂ ਲਗਾਤਾਰ ਲੱਗੀਆ ਹੋਈਆ ਹਨ ਜਿਸ ਤੇ ਰੋਜ਼ਾਨਾ 20 ਤੋਂ 25 ਹਜ਼ਾਰ ਰੁਪਏ ਦਾ ਡੀਜ਼ਲ ਲੱਗ ਰਿਹਾ ਹੈ। ਇਹ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੀ ਹੈ।
ਇਸੇ ਦੌਰਾਨ ਸੰਤ ਸੀਚੇਵਾਲ ਨੇ ਕਾਂਜਲੀ, ਸਭਾਨਪੁਰ ਭਵਾਨੀਪੁਰ, ਗੁਰਦਆਰਾ ਸੰਤ ਘਾਟ, ਗੁਰਦਆਰਾ ਬੇਰ ਸਾਹਿਬ ਅਤੇ ਬੂਸੋਵਾਲ ਨੇੜੇ ਬਣੇ ਪੁਲਾਂ ਦਾ ਜਾਇਜ਼ਾ ਲਿਆ ਜਿੱਥੇ ਹਰ ਸਾਲ ਜਲ ਕੰੁਭੀ ਬੂਟੀ ਫਸੀ ਜਾਂਦੀ ਹੈ। ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਬੂਟੀ ਨੂੰ ਅੱਗੇ ਤੋਰਨ ਦੀ ਥਾਂ ਉਹ ਬਾਹਰ ਕੱਢਣ। ਉਹਨਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਚ ਪਹਿਲਾਂ ਵੇਈਂ ਤੇ 3 ਪੁੱਲ ਹੁੰਦੇ ਸੀ ਜਿਹਨਾਂ ਵਿੱਚੋਂ ਦੀ ਬੂਟੀ ਕੱਢਣਾ ਅਸਾਨ ਸੀ ਪਰ 550 ਸਾਲਾਂ ਦੌਰਾਨ ਇਸ 3 ਪਲਟੂਨ ਪੁੱਲ 4 ਨਵੇਂ ਪੁੱਲਾਂ ਕਾਰਨ ਇਹ ਗਿਣਤੀ 10 ਹੋ ਗਈ ਹੈ ਜਿਸ ਕਾਰਨ ਇਹਨਾਂ 10 ਪੁੱਲਾਂ ਚੋਂ ਬੂਟੀ ਬਾਹਰ ਕੱਢਣ ਕਾਰਨ ਇਹ ਕਾਰਜ਼ ਹੋਰ ਔਖਾ ਹੋ ਗਿਆ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜੇਕਰ ਵੇਈਂ ਵਿਚ ਸਾਰਾ ਸਾਲ ਹੀ 250 ਤੋ 300 ਕਿਊਸਿਕ ਪਾਣੀ ਚਲਦਾ ਰਹੇ ਤਾਂ ਇਸ ਵਿਚ ਕਦੇ ਵੀ ਬੂਟੀ ਦੀ ਸਮੱਸਿਆ ਪੈਦਾ ਨਹੀ ਹੋ ਸਕਦੀ।
ਜ਼ਿਕਰਯੋਗ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ 3 ਥਾਵਾਂ ਤੇ ਬੂਟੀ ਨਿਕਾਲਣ ਦਾ ਮੋਰਚਾ ਸੰਭਾਲਿਆ ਹੋਇਆ ਹੈ। ਗੁਰਦੁਆਰਾ ਸੰਤ ਘਾਟ ਤੋਂ ਬੂਟੀ ਕੱਢਣ ਉਪਰੰਤ ਇਹ ਕਾਰਸੇਵਾ ਹੁਣ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਪਿੱਛੋਂ ਵੇਈਂ ਕਿਨਾਰੇ ਪੈਂਦੇ ਗਾਜ਼ੀਪੁਰ ਹਰਨਾਮਪੁਰ ਪੁੱਲ ਅਤੇ ਪਿੰਡ ਖੈੜਾ ਬੇਟ ਦੇ ਪੁੱਲਾਂ ਤੇ ਕਾਰਸੇਵਾ ਜਾਰੀ ਹੈ ਤਾਂ ਜੋ ਇਹ ਅੱਗੇ ਸੁਲਤਾਨਪੁਰ ਲੋਧੀ ਆਕੇ ਨਵੇਂ ਬਣਾਏ ਪੁੱਲਾਂ ਵਿਚ ਨਾ ਫਸੇ।