ਪੰਜਾਬ ਕਾਂਗਰਸ ਵਿੱਚ ਸਿਆਸੀ ਮੁਲਾਕਾਤਾਂ ਦਾ ਦੌਰ ਜਾਰੀ
ਦੇਖੋ,ਹੁਣ ਕਿਸ ਸੀਨੀਅਰ ਆਗੂ ਨੂੰ ਮਿਲਣ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ,7 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੌਰ ਭੱਠਲ ਨਾਲ ਮੁਲਾਕਾਤ ਕੀਤੀ ਹੈ।ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿਛਲੇ ਦਿਨੀਂ ਹੀ ਭੱਠਲ ਨਾਲ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ ਸੀ। ਹਾਲਾਂਕਿ ਬਾਅਦ ਵਿੱਚ ਇਸ ਮੁਲਾਕਾਤ ਨੂੰ ਗੈਰ ਸਿਆਸੀ ਦੱਸਦਿਆਂ ਬੀਬੀ ਭੱਠਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੀ ਬੇਟੀ ਤੇ ਮੇਰੀ ਬੇਟੀ ਵੀ ਇਸ ਮੁਲਾਕਾਤ ਦਾ ਹਿੱਸਾ ਸਨ ਜਿਸ ਕਰਕੇ ਇਹ ਮੁਲਾਕਾਤ ਪਰਿਵਾਰਿਕ ਸੀ। ਪਰ, ਸਿਆਸੀ ਗਲਿਆਰਿਆਂ ਵਿੱਚ ਆਮ ਚਰਚਾ ਹੈ ਕਿ ਪੰਜਾਬ ਕਾਂਗਰਸ ਵਿੱਚ ਧੜੇਬਾਜੀ ਦੇ ਕਾਰਨ ਦੋਨੋਂ ਨੇਤਾ ਆਪੋ ਆਪਣਾ ਧੜਾ ਮਜ਼ਬੂਤ ਕਰਨ ਲਈ ਵੱਖ ਵੱਖ ਆਗੂਆਂ,ਨੇਤਾਵਾਂ ,ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤਾ ਕਰ ਰਹੇ ਹਨ। ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ,ਅਜਿਹੀਆਂ ਸਿਆਸੀ ਮੁਲਾਕਾਤਾਂ ਦਾ ਦੌਰ ਵੀ ਵਧਦਾ ਦਿਖਾਈ ਦੇ ਰਿਹਾ ਹੈ।
ਕੱਲ੍ਹ ਹੀ ਸਿੱਧੂ ਨੇ ਜਨਰਲ ਸਕੱਤਰ ਪਰਗਟ ਸਿੰਘ ਦੀ ਰਿਹਾਇਸ਼ ਤੇ ਪਰਗਟ ਸਿਘ ਸਮੇਤ ਤਿੰਨ ਹੋਰ ਕਾਰਜਕਾਰੀ ਪ੍ਰਧਾਨਾਂ ਸੰਗਤ ਸਿੰਘ ਗਿਲਜ਼ੀਆਂ,ਸੁਖਵਿੰਦਰ ਸਿੰਘ ਡੈਨੀ ਅਤੇ ਪਵਨ ਗੋਇਲ ਨਾਲ ਮੁਲਾਕਾਤ ਕੀਤੀ ਸੀ।
ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਨੇ ਆਪਣੇ ਨਿੱਜੀ ਸਲਾਹਕਾਰਾਂ ਤੋਂ ਇਲਾਵਾ ਸਿਰਫ ਜਨਰਲ ਸਕੱਤਰ ਆਰਗਨਾਈਜੇਸ਼ਨ ਦੀ ਹੀ ਨਿਯੁਕਤੀ ਕੀਤੀ ਹੈ। ਇਸ ਤੋ ਇਲਾਵਾ ਹਜੇ ਤੱਕ ਕਾਂਗਰਸ ਦੀ ਸੂਬਾ ਇਕਾਈ ਅਤੇ ਜ਼ਿਲ੍ਹਾ ਕਾਂਗਰਸ ਦੇ ਢਾਂਚੇ ਦਾ ਗਠਨ ਕਰਨਾ ਬਾਕੀ ਹੈ। ਸੋ, ਸਿੱਧੂ ਦੀਆਂ ਇਹ ਮਿਲਣੀਆਂ ਇਹਨਾਂ ਗਠਨਾਂ ਦੇ ਸੰਬੰਧ ਵਿੱਚ ਕਾਫੀ ਅਹਿਮ ਹੋ ਸਕਦੀਆਂ ਹਨ।