ਬਠਿੰਡਾ, 3 ਅਕਤੂਬਰ ( ਕੁਲਬੀਰ ਬੀਰਾ ) – ਬਠਿੰਡਾ ਜ਼ਿਲੇ ਅਧੀਨ ਪੈਂਦੇ ਪਿੰਡ ਭਾਗੂ ਦਾ ਅਗਾਂਹਵਧੂ ਕਿਸਾਨ ਚੂਹੜ ਸਿੰਘ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਦੂਗਣਾ ਝਾੜ ਪ੍ਰਾਪਤ ਕਰਨ ਵਿੱਚ ਦੂਸਰੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਇਹ ਕਿਸਾਨ 40 ਏਕੜ ਵਿਚ ਖੇਤੀ ਕਰਦਾ ਹੈ ਜੋ ਖੇਤੀ ਵਿਭਿੰਨਤਾ ਤਹਿਤ 10 ਏਕੜ ਝੋਨਾ ਤੇ 30 ਏਕੜ ਵਿਚ ਨਰਮੇ ਦੀ ਖੇਤੀ ਕਰਦਾ ਹੈ
ਅਗਾਂਹ ਵਧੂ ਸੋਚ ਦਾ ਮਾਲਕ ਕਿਸਾਨ ਚੂਹੜ ਸਿੰਘ ਪਿਛਲੇ 8 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਸਗੋਂ ਪਰਾਲੀ ਦੀ ਸਾਂਭ-ਸੰਭਾਲ ਲਈ ਸੁਪਰ ਐਸ.ਐਮ.ਐਸ. ਲੱਗੀ ਕੰਬਾਇਨ ਨਾਲ ਝੋਨੇ ਦੀ ਕਟਾਈ ਬਿਨਾਂ ਅੱਗ ਲਗਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ ਇਸ ਤੋਂ ਇਲਾਵਾ ਕੁਝ ਰਕਬੇ ਵਿਚ ਐਮ. ਬੀ. ਪਲਾਊ ਨਾਲ ਪਰਾਲੀ ਨੂੰ ਮਿੱਟੀ ਵਿਚ ਮਿਕਸ ਕਰਕੇ ਕਣਕ ਦੀ ਬਿਜਾਈ ਕਰਦਾ ਹੈ ਇਹ ਕਿਸਾਨ ਵਿਭਾਗ ਨਾਲ ਜੁੜਿਆ ਹੈ ਤੇ ਵਿਭਾਗ ਦੀ ਸਿਫ਼ਰਿਸ਼ਾਂ ਅਨੁਸਾਰ ਖੇਤੀ ਇੰਨਪੁਟਸ ਦੀ ਵਰਤੋਂ ਕਰਦਾ ਹੈ
ਕਿਸਾਨ ਚੂਹੜ ਸਿੰਘ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕਿ ਸੁਪਰ ਸੀਡਰ ਨਾਲ ਛੋਲਿਆਂ ਦੀ ਪ੍ਰਦਰਸ਼ਨੀ ਪਲਾਂਟ ਲਗਾਇਆ ਗਿਆ ਸੀ ਜੋ ਕਿ ਬੜਾ ਹੀ ਸਫ਼ਲ ਤਜ਼ਰਬਾ ਰਿਹਾ ਕਿਸਾਨ ਵਲੋਂ ਨਰਮੇ ਦੀ ਫ਼ਸਲ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ ਇਸ ਲਈ ਚੂਹੜ ਸਿੰਘ ਦੁਆਰਾ ਪਿਛਲੇ ਸਾਲ ਨਰਮੇ ਦੀ ਫ਼ਸਲ ਵਿਚ ਇੱਕ ਏਕੜ ਵਿਚ ਡਰਿੱਪ ਸਿਸਟਮ ਲਗਵਾਇਆ ਗਿਆ ਜਿਸ ਕਰਕੇ ਝਾੜ 20 ਫੀਸਦੀ ਜ਼ਿਆਦਾ ਹੋਇਆ
ਕਿਸਾਨ ਚੂਹੜ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਕਰਕੇ ਮਿੱਟੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ, ਲੇਬਰ ਦਾ ਖ਼ਰਚਾ ਘੱਟ ਹੁੰਦਾ ਹੈ ਅਤੇ ਫ਼ਸਲਾਂ ਦੇ ਝਾੜ ਵਿਚ ਵੀ ਵਾਧਾ ਹੁੰਦਾ ਹੈ