ਦੁਖ਼ਦ ਸਮਾਚਾਰ – ਪ੍ਰਸਿੱਧ ਸਾਹਿਤਕਾਰ ਤੇ ਇਤਿਹਾਸਕਾਰ ਦੀਪਕ ਜਲੰਧਰੀ ਦਾ ਦਿਹਾਂਤ
ਅੱਜ ਸ਼ਾਮ ਹੋਵੇਗਾ ਸਸਕਾਰ
ਚੰਡੀਗੜ੍ਹ, 28ਅਗਸਤ(ਵਿਸ਼ਵ ਵਾਰਤਾ)- ਪ੍ਰਸਿੱਧ ਸਾਹਿਤਕਾਰ ਤੇ ਇਤਿਹਾਸਕਾਰ ਦੀਪਕ ਜਲੰਧਰੀ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸਵੇਰੇ 9 ਵਜੇ ਆਖਰੀ ਸਾਹ ਲਿਆ। ਜਾਣਕਾਰੀ ਅਨੁਸਾਰ ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦਿਹਾਂਤ ਕਾਰਨ ਸਾਹਿਤ ਜਗਤ ਦੇ ਨਾਲ-ਨਾਲ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਿੱਚ ਸੋਗ ਦੀ ਲਹਿਰ ਹੈ।
ਜ਼ਿਕਰਯੋਗ ਹੈ ਕਿ ਉਹਨਾਂ ਨੇ ਵੰਡ ਤੋਂ ਬਾਅਦ ਜਲੰਧਰ ਦੇ ਵਿਕਾਸ ਦੀ ਤਸਵੀਰ ਨੂੰ ਆਪਣੀਆਂ ਕਿਤਾਬਾਂ ‘ਚ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਕਰੀਬੀ ਰਹੇ ਤੇ ਸਾਹਿਤ ਜਗਤ ਨਾਲ ਲੰਮੀ ਸਾਂਝ ਰੱਖਣ ਵਾਲੇ ਦੀਪਕ ਜਲੰਧਰੀ ਨੇ ਜਲੰਧਰ ਹੀ ਨਹੀਂ ਸਗੋਂ ਦੇਸ਼ ਦੇ ਇਤਿਹਾਸ ਬਾਰੇ ਵੀ ਕਈ ਕਿਤਾਬਾਂ ਲਿਖੀਆਂ। ਇਹ ਹੀ ਨਹੀਂ ਸਗੋਂ ਸ਼ਹਿਰ ਵਿੱਚ ਹੋਣ ਵਾਲੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਾਹਿਤਕ ਸਮਾਗਮਾਂ ‘ਚ ਦੀਪਕ ਜਲੰਧਰੀ ਦੀ ਭੂਮਿਕਾ ਹਮੇਸ਼ਾ ਹੀ ਮਜ਼ਬੂਤ ਰਹੀ।
ਉਨ੍ਹਾਂ ਦਾ ਸਸਕਾਰ ਅੱਜ ਸ਼ਾਮ 4 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।