ਦੁਰਗਾ ਪੰਡਾਲ ਵਿੱਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ 5 ਲੋਕ; ਕਈ ਗੰਭੀਰ ਜਖਮੀ
ਚੰਡੀਗੜ੍ਹ,3 ਅਕਤੂਬਰ(ਵਿਸ਼ਵ ਵਾਰਤਾ)–ਉੱਤਰ ਪ੍ਰਦੇਸ਼ ਦੇ ਭਦੋਹੀ ਵਿੱਚ ਬੀਤੀ ਸ਼ਾਮ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇੱਕ ਦੁਰਗਾ ਪੰਡਾਲ ਵਿੱਚ ਅੱਗ ਲੱਗਣ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 3 ਬੱਚੇ ਅਤੇ 2 ਔਰਤਾਂ ਸ਼ਾਮਲ ਹਨ। ਜਦਕਿ 50 ਦੇ ਲਗਭਗ ਹੋਰਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ ਤੋਂ ਇਲਾਵਾ 15 ਵਿਅਕਤੀ ਮਾਮੂਲੀ ਝੁਲਸ ਗਏ ਹਨ। ਇਨ੍ਹਾਂ ਸਾਰਿਆਂ ਨੂੰ ਵਾਰਾਣਸੀ ਦੇ ਬੀਐਚਯੂ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਔਰਈ ਇਲਾਕੇ ਦੇ ਨਰਥੁਆ ਵਿਖੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਪੰਡਾਲ ‘ਚ ਕਰੀਬ 150 ਲੋਕ ਮੌਜੂਦ ਸਨ।
ਪੁਲੀਸ ਅਨੁਸਾਰ ਅੱਗ ਉਸ ਸਮੇਂ ਲੱਗੀ ਜਦੋਂ ਪੰਡਾਲ ਵਿੱਚ ਭਗਵਾਨ ਸ਼ੰਕਰ ਅਤੇ ਕਾਲੀ ਮਾਂ ਦਾ ਨਾਟਕ ਖੇਡਿਆ ਜਾ ਰਿਹਾ ਸੀ। ਇਸ ਕਾਰਨ ਹੰਗਾਮਾ ਹੋ ਗਿਆ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਜ਼ਿਆਦਾ ਭੀੜ ਹੋਣ ਕਾਰਨ ਲੋਕ ਬਾਹਰ ਨਿਕਲਣ ਤੋਂ ਪਹਿਲਾਂ ਹੀ ਅੱਗ ਦੀ ਲਪੇਟ ਵਿੱਚ ਆ ਗਏ। ਗੁਆਂਢੀਆਂ ਨੇ ਕਿਸੇ ਤਰ੍ਹਾਂ ਲੋਕਾਂ ਨੂੰ ਬਾਹਰ ਕੱਢਿਆ।