ਦੁਬਈ ‘ਚ 12 ਪਾਕਿਸਤਾਨੀ ਹਮਲਾਵਰਾਂ ਨੇ ਲੁਧਿਆਣਾ ਦੇ ਮਨਜੋਤ ਦਾ ਕੀਤਾ ਕਤਲ, ਚਾਰ ਗ੍ਰਿਫਤਾਰ
ਲੁਧਿਆਣਾ 10ਜੁਲਾਈ (ਵਿਸ਼ਵ ਵਾਰਤਾ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲੋਹਟਬੱਦੀ ਦੇ 21 ਸਾਲਾ ਨੌਜਵਾਨ ਮਨਜੋਤ ਸਿੰਘ ਦਾ ਦੁਬਈ ਵਿੱਚ ਦਰਜਨ ਦੇ ਕਰੀਬ ਪਾਕਿਸਤਾਨੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਘਟਨਾ ਦੌਰਾਨ ਮਨਜੋਤ ਦੇ ਨਾਲ ਕਮਰੇ ‘ਚ ਮੌਜੂਦ ਦੋ ਪਾਕਿਸਤਾਨੀ ਕਰਮਚਾਰੀ ਵੀ ਹਮਲਾਵਰਾਂ ਵੱਲੋਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੁਬਈ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਨਜੋਤ ਕਰੀਬ ਇੱਕ ਸਾਲ ਪਹਿਲਾਂ ਦੁਬਈ ਗਿਆ ਸੀ ਅਤੇ ਉੱਥੇ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਮਨਜੋਤ ਨੂੰ ਵਿਆਜ ‘ਤੇ ਪੈਸੇ ਲੈ ਕੇ ਆਪਣੇ ਰਿਸ਼ਤੇਦਾਰ ਰਾਹੀਂ ਦੁਬਈ ਭੇਜਿਆ ਸੀ, ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ। ਹੁਣ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਲਾਸ਼ ਵਾਪਸ ਲਿਆਉਣ ਲਈ ਵੀ ਕਰਜ਼ਾ ਲੈਣਾ ਪਵੇਗਾ। ਦਿਲਬਾਗ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਹ ਮਨਜੋਤ ਦੀ ਪਾਕਿਸਤਾਨੀ ਲੋਕਾਂ ਨਾਲ ਲੜਾਈ ਜਾਂ ਦੁਸ਼ਮਣੀ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ ਹਨ। ਪਰਿਵਾਰ ਦਾ ਇਕਲੌਤਾ ਪੁੱਤਰ ਮਨਜੋਤ ਸਿੰਘ ਦੁਬਈ ਦੀ ਇੱਕ ਕੰਪਨੀ ਵਿੱਚ ਸਹਾਇਕ ਡਰਾਈਵਰ ਹੈਲਪਰ ਵਜੋਂ ਕੰਮ ਕਰਦਾ ਸੀ। ਮਨਜੋਤ ਦੇ ਰਿਸ਼ਤੇਦਾਰ ਆਤਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਬਈ ਤੋਂ ਦੱਸਿਆ ਗਿਆ ਹੈ ਕਿ ਨਾਜਾਇਜ਼ ਸ਼ਰਾਬ ਦੇ ਤਸਕਰਾਂ ਦੇ ਦੋ ਪਾਕਿਸਤਾਨੀ ਧੜਿਆਂ ਵਿਚਾਲੇ ਰੰਜਿਸ਼ ਚੱਲ ਰਹੀ ਹੈ। ਹਮਲਾਵਰ ਮਨਜੋਤ ਦੇ ਨਾਲ ਕਮਰੇ ਵਿੱਚ ਰਹਿ ਰਹੇ ਪਾਕਿਸਤਾਨੀ ਮਜ਼ਦੂਰਾਂ ਨੂੰ ਮਾਰਨ ਦੀ ਨੀਅਤ ਨਾਲ ਆਏ ਸਨ ਅਤੇ ਮਨਜੋਤ ਨੂੰ ਵੀ ਨਿਸ਼ਾਨਾ ਬਣਾਇਆ। ਆਤਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਨਜੋਤ ਦੀ ਲਾਸ਼ ਵਾਪਸ ਲਿਆਉਣ ਲਈ ਸੰਸਦ ਮੈਂਬਰ ਡਾ: ਅਮਰ ਸਿੰਘ ਰਾਹੀਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਮਦਦ ਦੀ ਅਪੀਲ ਕੀਤੀ ਹੈ।