ਦਿੱਲੀ ਹੋਈ ਪਾਣੀ-ਪਾਣੀ, 3-4 ਘੰਟਿਆਂ ਦੇ ਮੀਂਹ ਨੇ ਕਰਤਾ ਸ਼ਹਿਰ ਵਾਸੀਆਂ ਦਾ ਬੁਰਾ ਹਾਲ
ਕਈ ਇਲਾਕਿਆਂ ਨੇ ਝੀਲ ਦਾ ਰੂਪ ਧਾਰਿਆ
ਨਵੀਂ ਦਿੱਲੀ 28 ਜੂਨ (ਵਿਸ਼ਵ ਵਾਰਤਾ) : ਸ਼ੁੱਕਰਵਾਰ ਸਵੇਰੇ ਦਿੱਲੀ-ਐੱਨਸੀਆਰ ‘ਚ ਮਾਨਸੂਨ ਦੀ ਬਾਰਿਸ਼ ਨਾਲ ਸ਼ੁਰੂਆਤ ਹੋਈ। ਭਾਰੀ ਮੀਂਹ ਕਾਰਨ ਸੜਕਾਂ ਅਤੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਕਈ ਥਾਵਾਂ ‘ਤੇ ਪਾਣੀ ਭਰਨ ਕਾਰਨ ਲੋਕ ਫਸੇ ਹੋਏ ਹਨ। ਕਈ ਥਾਵਾਂ ‘ਤੇ ਹਾਲਾਤ ਅਜਿਹੇ ਹਨ ਕਿ ਕਾਰਾਂ ਪਾਣੀ ‘ਚ ਡੁੱਬ ਗਈਆਂ ਹਨ, ਜਿਸ ਕਾਰਨ ਲੋਕ ਦਹਿਸ਼ਤ ‘ਚ ਹਨ। ਇਸ ਦੇ ਨਾਲ ਹੀ ਬਾਰਿਸ਼ ਕਾਰਨ ਦਿੱਲੀ ਦੇ ਏਅਰ ਕੁਆਲਟੀ ਇੰਡੈਕਸ ‘ਚ ਵੱਡਾ ਸੁਧਾਰ ਦੇਖਿਆ ਗਿਆ ਹੈ। ਜ਼ਿਆਦਾਤਰ ਥਾਵਾਂ ‘ਤੇ ਔਸਤ ਏਅਰ ਕੁਆਲਟੀ ਇੰਡੈਕਸ 50 ਦੇ ਨੇੜੇ ਹੈ, ਜਦੋਂ ਕਿ ਕੁਝ ਥਾਵਾਂ ‘ਤੇ 50 ਤੋਂ ਘੱਟ ਦਰਜ ਕੀਤਾ ਗਿਆ ਹੈ।
ਘਰਾਂ ਵਿੱਚ ਭਰਿਆ ਪਾਣੀ ਸੜਕਾਂ ਤੇ ਲੱਗਿਆ ਜਾਮ
ਦਿੱਲੀ ਵਿੱਚ ਹੋਈ ਇਸ ਜ਼ੋਰਦਾਰ ਬਰਸਾਤ ਨੇ ਕਈ ਲੋਕਾਂ ਨੂੰ ਮੁਸੀਬਤ ਦੇ ਵਿੱਚ ਪਾ ਦਿੱਤਾ ਹੈ। ਦੱਖਣੀ ਦਿੱਲੀ ਦੇ ਕਈ ਘਰਾਂ ਦੇ ਵਿੱਚ ਪਾਣੀ ਭਰ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਸਾਊਥ ਐਕਸ ਪਾਰਟ ਦੇ ਕਈ ਘਰਾਂ ਦੇ ਵਿੱਚ ਪਾਣੀ ਭਰ ਗਿਆ ਹੈ। ਬੱਸ ਅੱਡਿਆਂ ਤੇ ਸੜਕਾਂ ਤੇ ਪਾਣੀ ਭਰਨ ਕਾਰਨ ਆਮ ਲੋਕਾਂ ਦਾ ਜਿੰਦਗੀ ਪ੍ਰਭਾਵਿਤ ਹੋਈ ਹੈ। ਵਪਾਰੀ ਅਤੇ ਰਾਹਗੀਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਨਹੀਂ ਜਾ ਪਾ ਰਹੇ ਹਨ। ਪਾਣੀ ਭਰਨ ਕਾਰਨ ਦਿੱਲੀ ਦੀ ਮੈਟਰੋ ਸਰਵਿਸ ਵੀ ਪ੍ਰਭਾਵਿਤ ਹੋਈ ਹੈ, ਇਸੇ ਤਰ੍ਹਾਂ ਦਿੱਲੀ ਏਅਰਪੋਰਟ ਦੇ ਟਰਮੀਨਲ ਇੱਕ ਦੀਆਂ ਸੇਵਾਵਾਂ ਵੀ ਕੁਝ ਸਮੇਂ ਦੇ ਲਈ ਮੁਅਤਲ ਕਰ ਦਿੱਤੀਆਂ ਗਈਆਂ ਹਨ। ਕਈ ਜਗ੍ਹਾ ਤੇ ਦਰਖਤ ਵੀ ਡਿੱਗੇ ਹਨ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਦਿੱਲੀ ਨੂੰ ਨੋਇਡਾ ਅਤੇ ਨਵੀਂ ਦਿੱਲੀ ਨਾਲ ਜੋੜਨ ਵਾਲੀ ਪ੍ਰਗਤੀ ਮੈਦਾਨ ਟਨਲ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਭਰ ਗਿਆ ਹੈ। ਜਿਸ ਕਾਰਨ ਇਸ ਟਨਲ ਨੂੰ ਦੋਨਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 6 ਵਜੇ ਤੋਂ ਹੀ ਟਨਲ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਤੇ ਉਸ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਸ਼ਨੀਵਾਰ ਨੂੰ ਔਰੇਂਜ ਅਲਰਟ ਹੈ, ਇਸੇ ਤਰ੍ਹਾਂ ਇਸ ਹਫਤੇ ਦੇ ਅੰਤ ਤੱਕ ਤਾਪਮਾਨ 34-35 ਡਿਗਰੀ ਰਹਿ ਸਕਦਾ ਹੈ। ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ, ਆਉਣ ਵਾਲੇ ਤਿੰਨ ਚਾਰ ਦਿਨਾਂ ਦੇ ਵਿੱਚ ਮਾਨਸੂਨ ਦਿੱਲੀ ਪਹੁੰਚ ਜਾਵੇਗਾ।