ਨਵੀਂ ਦਿੱਲੀ, 1 ਸਤੰਬਰ (ਵਿਸ਼ਵ ਵਾਰਤਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਅੱਜ ਭਾਰਤੀ ਸਟਾਰ ਕ੍ਰਿਕਟਰ ਤੇ ਭਾਰਤੀ ਟੀਮ ਦੀ ਉਪ ਕਪਤਾਨ ਹਰਮਨਪ੍ਰੀਤ ਕੌਰ ਨੂੰ ਸਨਮਾਨਤ ਕੀਤਾ।
ਉਸਨੂੰ ਸਿਰੋਪਾਓ ਨਾਲ ਸਨਮਾਨਤ ਕਰਨ ਦੇ ਨਾਲ ਨਾਲ ਇਕ ਲੱਖ ਰੁਪਏ ਦਾ ਚੈਕ, ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜਕਾਲ ਵੇਲੇ ਦੇ ਸਿੱਕੇ ਵਰਗਾ ਦਾ ਇਕ ਚਾਂਦੀ ਦਾ ਸਿੱਕਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਕ ਪੁਸਤਕ ਵੀ ਭੇਂਟ ਕੀਤੀ ਗਈ।
ਇਸ ਮੌਕੇ ਦਿੱਲੀ ਡੀ ਐਸ ਜੀ ਐਮ ਸੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਸਿੱਖ ਭਾਈਚਾਰੇ, ਆਪਣੇ ਪਰਿਵਾਰ ਤੇ ਦੇਸ਼ ਦਾ ਮਾਣ ਸਨਮਾਨ ਵਧਾਇਆ ਹੈ। ਉਹਨਾਂ ਕਿਹਾ ਕਿ ਉਹ ਉਸ ਵੱਲੋਂ ਆਪਣੀਆਂ ਪ੍ਰਾਪਤੀਆਂ 1984 ਵਰੇ ਨੂੰ ਸਮਰਪਿਤ ਕਰਨ ਦੇ ਫੈਸਲੇ ਤੋਂ ਪ੍ਰਭਾਵਤ ਹੋਏ ਹਨ ਕਿਉਂਕਿ ਦੇਸ਼ ਦਾ ਹਰ ਕਾਨੂੰਨ ਮੰਨਣ ਵਾਲਾ ਵਿਅਕਤੀ ਇਸ ਵਰੇ ਨੂੰ ਕਦੇ ਨਹੀਂ ਭੁਲਾ ਸਕਦਾ। ਉਹਨਾਂ ਕਿਹਾ ਕਿ ਭਾਵੇਂ ਪੁਰਸ਼ਾਂ ਦੀ ਟੀਮ ਨੂੰ ਮਹਿਲਾ ਟੀਮ ਨਾਲੋਂ ਵੱਧ ਸਹੂਲਤਾਂ ਮਿਲਦੀਆਂ ਹਨ ਪਰ ਇਸਦੇ ਬਾਵਜੂਦ ਮਹਿਲਾ ਟੀਮ ਨੇ ਦੇਸ਼ ਨੂੰ ਦਰਸਾ ਦਿੱਤਾ ਹੈ ਕਿ ਉਹ ਸਹੂਲਤਾਂ ਦੇ ਬਗੈਰ ਵੀ ਲਾਮਿਸਾਲ ਕਾਰਗੁਜ਼ਾਰੀ ਦੇ ਸਕਦੀਆਂ ਹਨ।
ਇਸ ਮੌਕੇ ਹਰਮਨਪ੍ਰੀਤ ਕੌਰ ਨੂੰ ਇਕ ਲੱਖ ਰੁਪਏ ਦਾ ਚੈਕ ਸੌਂਪਦਿਆਂ ਡੀ ਐਸ ਜੀ ਐਮ ਸੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਵੇਂ ਦਿੱਲੀ ਕਮੇਟੀ ਇਹ ਸਮਾਗਮ ਹਰਮਨਪ੍ਰੀਤ ਨੂੰ ਸਨਮਾਨਤ ਕਰਨ ਵਾਸਤੇਰੱਖਿਆ ਸੀ ਪਰ ਉਹ ਮਹਿਸੂਸ ਕਰਦੇ ਹਨ ਕਿ ਹਰਮਨਪ੍ਰੀਤ ਕੌਰ ਦੇ ਇਥੇ ਪੁੱਜਣ ਨਾਲ ਅਸੀਂ ਸਨਮਾਨਤ ਹੋਏ ਹਾਂ। ਉਹਨਾਂ ਕਿਹਾ ਕਿ ਉਹ ਹਰ ਭਾਰਤੀ ਪਰਿਵਾਰ ਲਈ ਚਾਨਣ ਮੁਨਾਂਰਾ ਬਣ ਗਈ ਹੈ ਤੇ ਲੋਕਾਂ ਨੂੰ ਭਰੂਣ ਹੱਤਿਆਵਾਂ ਰੋਕਣ ਦੇ ਜਿਸ ਕੰਮ ‘ਤੇ ਸਰਕਾਰਾਂ ਕਰੋਡ਼ਾਂ ਰੁਪਏ ਖਰਚ ਕੇ ਵੀ ਸਫਲਤਾ ਹਾਸਲ ਨਹੀਂ ਕਰ ਸਕੀਆਂ, ਹਰਮਨਪ੍ਰੀਤ ਕੌਰ ਨੇ ਆਪਣੀਆਂ ਪ੍ਰਾਪਤੀਆਂ ਦੀ ਬਦੌਲਤ ਦਰਸਾ ਦਿੱਤਾ ਹੈ ਕਿ ਧੀਆਂ ਸਾਡੇ ਲਈ ਕੀ ਕਰ ਸਕਦੀਆਂ ਹਨ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਕਿ ‘ਸੋ ਕਿਉਂ ਮੰਦਾ ਆਖਿਐ ਜਿਤੁ ਜੰਮੈ ਰਾਜਾਨ..” ਅਤੇ ਹਰਮਨਪ੍ਰੀਤ ਕੌਰ ਨੇ ਆਪਣੀਆਂ ਪ੍ਰਾਪਤੀਆਂ ਦੀ ਬਦੌਲਤ ਲੋਕਾਂ ਨੂੰ ਸਾਬਤ ਕਰ ਸਕਦਾ ਹੈ ਕਿ ਧੀਆਂ ਵੀ ਜ਼ਿੰਦਗੀ ਵਿਚ ਮਾਪਿਆਂ ਲਈ ਮਾਣ ਸਨਮਾਨ ਦੇ ਮੌਕੇ ਲਿਆ ਸਕਦੀਆਂ ਹਨ।
ਸ੍ਰੀ ਸਿਰਸਾ ਨੇ ਇਸ ਮੌਕੇ ਹਰਮਨਪ੍ਰੀਤ ਨੂੰ ਬੇਨਤੀ ਕੀਤੀ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਾਸਤੇ ਆਪਣਾ ਇਕ ਦਿਨ ਦੇਣ ਤਾਂ ਉਹਨਾਂ ਖਿਡ਼ੇ ਮੱਥੇ ਬੇਨਤੀ ਪ੍ਰਵਾਨ ਕਰਦਿਆਂ ਅਗਲੇ ਮਹੀਨੇ ਇਕ ਦਿਨ ਇਸ ਕੰਮ ਵਾਸਤੇ ਲਾਉਣ ਦਾ ਐਲਾਨ ਕੀਤਾ।
ਇਸ ਮੌਕੇ ਹਰਮਨਪ੍ਰੀਤ ਕੌਰ ਨੇ ਇਸ ਮਾਣ ਸਤਿਕਾਰ ਲਈ ਦਿੱਲੀ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟ ਕੀਤੀ ਕਿ ਜਿਸ ਤਰਾਂ ਕਮੇਟੀ ਨੇ ਇਸ ਵਾਰ ਉਸਦੀ ਹੌਂਸਲਾ ਅਫਜ਼ਾਈ ਕੀਤੀ ਹੈ, ਭਵਿੱਖ ਵਿਚ ਵੀ ਉਹ ਅਜਿਹਾ ਕਰਦੀ ਰਹੇਗੀ।
ਇਸ ਮੌਕੇ ਸ੍ਰ ਪਰਮਜੀਤ ਸਿੰਘ ਰਾਣਾ ਚੇਅਰਮੈਨ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਤੇ ਹਰਮਨਪ੍ਰੀਤ ਕੌਰ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਬਰਾਡ਼, ਅਮਰਜੀਤ ਸਿੰਘ ਪਿੰਕੀ, ਸਰਵਜੀਤ ਸਿੰਘ ਵਿਰਕ, ਗੁਰਮੀਤ ਸਿੰਘ ਭਾਟੀਆ, ਹਰਜੀਤ ਸਿੰਘ ਪੱਪਾ, ਚਮਨ ਸਿੰਘ, ਡਾ. ਨਿਸ਼ਾਨ ਸਿੰਘ ਮਾਨ, ਆਤਮਾ ਸਿੰਘ ਲੁਬਾਣਾ, ਓਂਕਾਰ ਸਿੰਘ ਰਾਜਾ ਅਤੇ ਰਮਿੰਦਰ ਸਿੰਘ ਸਵੀਟਾ ਵੀ ਹਾਜ਼ਰ ਸਨ। ਦੂਸਰੇ ਅਕਾਲੀ ਲੀਡਰ ਜਸਪ੍ਰੀਤ ਸਿੰਘ (ਵਿੱਕੀ ਮਾਨ), ਸੁਖਵਿੰਦਰ ਸਿੰਘ ਬੱਬਰ, ਹਰਜੀਤ ਸਿੰਘ ਬੇਦੀ, ਜਗਮੋਹਨ ਸਿੰਘ ਸ਼ੇਰੂ, ਪਰਮਿੰਦਰ ਸਿੰਘ ਅਹੂਜਾ ਵੀ ਸ਼ਾਮਿਲ ਸਨ।
ICC Champions Trophy 2025 ਲਈ ਸ਼ਡਿਊਲ ਜਾਰੀ
ICC Champions Trophy 2025 ਲਈ ਸ਼ਡਿਊਲ ਜਾਰੀ ਚੰਡੀਗੜ੍ਹ, 25ਦਸੰਬਰ(ਵਿਸ਼ਵ ਵਾਰਤਾ) ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ...