ਦਿੱਲੀ ਸਰਕਾਰ ਨੇ ਲਿਆ ਵੱਡਾ ਫੈਸਲਾ
ਕਈ ਨਵੀਆਂ ਯੋਜਨਾਵਾਂ ਦਾ ਕੀਤਾ ਐਲਾਨ
ਦਿੱਲੀ ਸਰਕਾਰ ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਦੀ ਕਰੇਗੀ ਆਰਥਿਕ ਸਹਾਇਤਾ
ਅਨਾਥ ਹੋਏ ਬੱਚਿਆਂ ਦਾ ਖਰਚ ਚੁੱਕੇਗੀ ਦਿੱਲੀ ਸਰਕਾਰ
ਨਵੀਂ ਦਿੱਲੀ, 18 ਮਈ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਜਿਸ ਕਾਰਨ ਰਾਜਧਾਨੀ ਦਿੱਲੀ ਵੀ ਕਾਫੀ ਪ੍ਰਭਾਵਿਤ ਹੋਈ ਹੈ। ਹੁਣ ਦਿੱਲੀ ਸਰਕਾਰ ਨੇ ਕੋਰੋਨਾ ਤੋਂ ਪ੍ਰਭਾਵਿਤ ਹੋਣ ਵਾਲਿਆਂ ਲਈ ਰਾਹਤ ਭਰੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਸ ਦੇ ਮੱਦੇਨਜ਼ਰ ਅੱਜ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਕੋਵਿਡ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਦਿੱਲੀ ਸਰਕਾਰ ਇਸ ਵਿਚਾਰ ਤੇ ਮੰਥਨ ਕਰ ਰਹੀ ਸੀ ਕਿ ਇਹਨਾਂ ਪਰਿਵਾਰਾਂ ਦੀ ਮੱਦਦ ਕਿਵੇਂ ਕੀਤੀ ਜਾਵੇ ਜਿਹਨਾਂ ਦੇ ਲੋਕਾਂ ਦੇ ਘਰ ਵਿੱਚ ਕਮਾਉਣ ਵਾਲਿਆਂ ਦੀ ਮੌਤ ਹੋ ਗਈ ਹੈ।
ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ 72 ਲੱਖ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਹਰ ਮਹੀਨੇ 5 ਕਿਲੋ ਰਾਸ਼ਨ ਦਿੱਤਾ ਜਾਂਦਾ ਹੈ। ਇਸ ਮਹੀਨੇ ਇਹ ਰਾਸ਼ਨ ਮੁਫਤ ਦਿੱਤਾ ਜਾਵੇਗਾ। ਜਿਸ ਪਰਿਵਾਰ ਦੇ ਮੈਂਬਰਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ ਉਹਨਾਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜਿਹਨਾਂ ਪਰਿਵਾਰਾਂ ਦੇ ਕਮਾਉਣ ਵਾਲੇ ਵਿਅਕਤੀ ਦੀ ਮੌਤ ਹੋਈ ਹੈ ਉਹਨਾਂ ਨੂੰ 2500 ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਜੋ ਬੱਚੇ ਅਨਾਥ ਹੋ ਗਏ ਹਨ ਉਹਨਾਂ ਦੀ ਪੜ੍ਹਾਈ- ਲਿਖਾਈ ਮੁਫਤ ਹੋਵੇਗੀ ਅਤੇ ਉਹਨਾਂ ਨੂੰ 2500 ਰੁਪਏ ਮਹੀਨਾ ਦਿੱਤਾ ਜਾਵੇਗਾ।