ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਦਾ ਡੇਰਾ ਸੱਚਾ ਸੌਦਾ ਵੱਲੋਂ ਸਪਸ਼ਟੀਕਰਨ
ਬੀਤੇ ਦਿਨ ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਸਨ ਮਿਲ ਰਹੇ ਅਪੱਤੀਜਨਕ ਕਮੈਂਟਸ ਅਤੇ ਧਮਕੀਆਂ
ਚੰਡੀਗੜ੍ਹ, 31ਅਕਤੂਬਰ(ਵਿਸ਼ਵ ਵਾਰਤਾ)- ਡੇਰਾ ਸੱਚਾ ਸੌਦਾ ਮੈਨੇਜਮੈਂਟ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਲਗਾਏ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਡੇਰੇ ਦਾ ਕਹਿਣਾ ਹੈ ਕਿ ਡੇਰਾ ਮੁਖੀ ਰਾਮ ਰਹੀਮ ਦੇ ਕਿਸੇ ਚੇਲੇ ਨੇ ਮਾਲੀਵਾਲ ਨੂੰ ਧਮਕੀ ਨਹੀਂ ਦਿੱਤੀ ਹੈ। ਕੁਝ ਲੋਕ ਡੇਰਾ ਸੱਚਾ ਸੌਦਾ ਅਤੇ ਡੇਰਾ ਮੁਖੀ ਰਾਮ ਰਹੀਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਡੇਰਾ ਸ਼ਰਧਾਲੂਆਂ ਵੱਲੋਂ ਕਿਸੇ ਨੂੰ ਧਮਕੀਆਂ ਦੇਣ ਦੀ ਗੱਲ ਬਿਲਕੁਲ ਗਲਤ ਹੈ। ਡੇਰਾ ਪ੍ਰੇਮੀਆਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ। ਜੇਕਰ ਕੋਈ ਸਮਾਜ ਵਿਰੋਧੀ ਅਨਸਰ ਅਜਿਹਾ ਕਰ ਰਿਹਾ ਹੈ ਤਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਲੋਕਾਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਖੁਰਾਣਾ ਦਾ ਕਹਿਣਾ ਹੈ ਕਿ ਡੇਰਾ ਮੁਖੀ ਨੇ ਔਰਤਾਂ ਦੇ ਵਿਕਾਸ ਲਈ ਕਈ ਕੰਮ ਕੀਤੇ ਹਨ। ਗੱਲ ਭਾਵੇਂ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਦੀ ਹੋਵੇ ਜਾਂ ਦਾਜ ਪ੍ਰਥਾ ਵਰਗੀਆਂ ਬੁਰਾਈਆਂ ਨੂੰ ਸਮਾਜ ਵਿੱਚੋਂ ਖਤਮ ਕਰਨ ਦੀ ਹੋਵੇ। ਡੇਰੇ ਦੇ ਸ਼ਰਧਾਲੂ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਇਹ ਡੇਰਾ ਅਤੇ ਡੇਰਾ ਮੁਖੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਸਮਾਜ ਵਿਰੋਧੀ ਅਨਸਰਾਂ ਵੱਲੋਂ ਰਚੀ ਜਾ ਰਹੀ ਸਾਜ਼ਿਸ਼ ਹੈ, ਜਿਸ ਦੀ ਡੇਰਾ ਸੱਚਾ ਸੌਦਾ ਸਖ਼ਤ ਨਿਖੇਧੀ ਕਰਦਾ ਹੈ।
ਦੱਸ ਦੱਈਏ ਕਿ ਬੀਤੇ ਦਿਨ ਦਿੱਲੀ ਮਹਿਲਾ ਕਮਿਸ਼ਨ ਦੀ ਚੇਰਪਰਸਨ ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਦੋਂ ਤੋਂ ਉਹਨਾਂ ਨੇ ਰਾਮ ਰਹੀਮ ਦੇ ਖਿਲਾਫ਼ ਆਵਾਜ਼ ਉਠਾਈ ਹੈ, ਉਦੋਂ ਤੋਂ ਰਾਮ ਰਹੀਮ ਦੇ ਭਗਤ ਉਸਨੂੰ ਕਹਿ ਰਹੇ ਹਨ ਕਿ ਬਾਬਾ ਤੋਂ ਬਚਕੇ ਰਹਿਣਾ।
ਇਸ ਦੇ ਨਾਲ ਹੀ ਸਵਾਤੀ ਮਾਲੀਵਾਲ ਨੇ ਅਜਿਹੀਆਂ ਧਮਕੀਆਂ ਦੇਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਲਿਖਿਆ ਕਿ “ਮੇਰਾ ਜਵਾਬ ਸੁਣਲੋ- ਮੇਰੀ ਰੱਖਿਆ ਭਗਵਾਨ ਕਰਨਗੇ, ਐਵੇਂ ਦੀਆਂ ਧਮਕੀਆਂ ਤੋਂ ਮੈਂ ਨਹੀਂ ਡਰਦੀ, ਸੱਚ ਦੀ ਆਵਾਜ਼ ਉਠਾਉਂਦੀ ਰਹਾਂਗੀ, ਹਿੰਮਤ ਹੈ ਤਾਂ ਸਾਹਮਣੇ ਆ ਕੇ ਗੋਲੀ ਮਾਰੋ”
ਇਸ ਦੇ ਨਾਲ ਹੀ ਸਵਾਤੀ ਨੇ ਉਸਦੇ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਕੀਤੇ ਜਾ ਰਹੇ ਅਪੱਤੀਜਨਕ ਕੁਮੈਂਟਸ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਸਨ।
https://twitter.com/SwatiJaiHind/status/1586368172948852736?s=20&t=JCPIgsMoEFZVBVRqcIQgaA
ਜ਼ਿਕਰਯੋਗ ਹੈ ਕਿ ਸਵਾਤੀ ਮਾਲੀਵਾਲ ਨੇ ਬਿਲਕਿਸ ਬਾਨੋ ਦੇ ਬਲਾਤਕਾਰ ਦੇ ਦੋਸ਼ੀਆਂ ਦੀ ਰਿਹਾਈ ਅਤੇ ਕਤਲ ਤੇ ਬਲਾਤਕਾਰ ਵਰਗੇ ਘਿਨੌਣੇ ਅਪਰਾਧਾਂ ਵਿੱਚ ਸਜਾ ਭੁਗਤ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ। ਇਸ ਪੱਤਰ ਵਿੱਚ ਉਹਨਾਂ ਨੇ ਇਹਨਾਂ ਅਪਰਾਧੀਆਂ ਨੂੰ ਵਾਪਸ ਜੇਲ੍ਹ ਭੇਜਣ ਦੀ ਮੰਗ ਕੀਤੀ ਸੀ। ਜਿਸਤੋਂ ਬਾਅਦ ਉਹਨਾਂ ਨੂੰ ਧਮਕੀਆਂ ਭਰੇ ਮੈਸੇਜ ਅਤੇ ਸੋਸ਼ਲ ਮੀਡੀਆ ਤੇ ਅਪੱਤੀਜਨਕ ਕਮੈਂਟਸ ਮਿਲ ਰਹੇ ਸਨ।