ਰਿਜੇਕਟ ਹੋਣ ਦੇ ਡਰ ਕਾਰਨ ਸ਼ੀਤਲ ਅੰਗੂਰਾਲ ਨੇ ਬੇਲ ਵਾਪਸ ਲਈ
ਜਲੰਧਰ 14 ਮਈ( ਵਿਸ਼ਵ ਵਾਰਤਾ)-ਪੰਜਾਬ ਦਾ ਸ਼ਰਾਬ ਘੋਟਾਲਾ ਦਿੱਲੀ ਨਾਲੋਂ ਵੀ ਵੱਡਾ ਹੈ ਤੇ ਇਸ ਸ਼ਰਾਬ ਘੋਟਾਲੇ ਦੀ ਜਾਂਚ ਹੋਣੀ ਚਾਹੀਦੀ ਹੈ।ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਕਰਤਾਰਪੁਰ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆ ਕਹੀ।ਇਸ ਦੌਰਾਨ ਸ.ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸ਼ਰਾਬ ਘੋਟਾਲੇ ਵਿੱਚ ਲਿਪਤ ਹਨ ਤੇ ਅਜਿਹੇ ਵਿਅਕਤੀ ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ।ਉਨਾਂ ਕਿਹਾ ਕਿ ਜੋ ਸ਼ਰਾਬ ਘੋਟਾਲਾ ਦਿੱਲ਼ੀ ਵਿੱਚ ਹੋਇਆ ਹੈ ਉਹੀ ਪੰਜਾਬ ਵਿੱਚ ਵੀ ਹੋਇਆ ਤੇ ਉਹ ਇਸਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਨ।ਸ.ਚੰਨੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਵਿੱਚ ਵਿਰੋਧ ਹੋਣਾ ਚਾਹੀਦਾ ਹੈ ਜਿਨਾਂ ਨੇ ਪੰਜਾਬ ਦੇ ਪੈਸੇ ਨੂੰ ਜਹਾਜਾ ਦੇ ਧੂੰਏ ਵਿੱੱਚ ਰੋਲ ਦਿੱਤਾ ਹੈ।ਉਨਾ ਕਿਹਾ ਕਿ ਪੰਜਾਬ ਚ 80 ਹਜਾਰ ਕਰੋੜ ਦਾ ਕਰਜਾ ਲੈ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ।ਸ.ਚੰਨੀ ਨੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਬਲੈਂਕੇਟ ਬੇਲ ਵਾਪਸ ਲੈਣ ਤੇ ਕਿਹਾ ਕਿ ਸ਼ੀਤਲ ਅੰਗੂਰਾਲ ਨੂੰ ਪਤਾ ਸੀ ਕਿ ਉਸਦੀ ਬੇਲ ਰਿਜੇਕਟ ਹੋਣੀ ਹੈ ਜਿਸ ਕਰਕੇ ਉਸਨੇ ਆਪਣੀ ਬੇਲ ਵਾਪਸ ਲਈ ਹੈ।ਉਨਾਂ ਕਿਹਾ ਕਿ ਨਸ਼ਿਆਂ ਦੀ ਖੇਪ ਮਿਲਣ ਤੋਂ ਬਾਅਦ ਸ਼ੀਤਲ ਅਤੇ ਰਿੰਕੂ ਦੀ ਸਰਪ੍ਰਸਤੀ ਸਾਹਮਣੇ ਆ ਰਹੀ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ਿਆਂ ਨੂੰ ਵਧਾਵਾ ਦੇਣ ਵਾਲੇ ਅਜਿਹੇ ਨੇਤਾਵਾ ਨੂੰ ਅੱਗੇ ਲਿਆਦਾ ਸੀ ਜੋ ਕਿ ਇੱਕ ਨਾ ਇੱਕ ਦਿਨ ਸਲਾਖਾ ਪਿੱਛੇ ਜਾਣਗੇ।ਸ.ਚੰਨੀ ਨੇ ਪੰਜਾਬ ਸਰਕਾਰ ਦੀ ਸਾਲ ਦੋ ਸਾਲ ਦੀ ਕਾਰਗੁਜਾਰੀ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਦੋ ਸਾਲਾ ਦੇ ਸਮੇਂ ਵਿੱਚ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਤੋਂ ਇਲਾਵਾ ਹੋਰ ਕੁੱਝ ਨਾਂ ਕੀਤਾ।ਜਦ ਕਿ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਗਰੰਟੀਆਂ ਵੀ ਜੁਮਲੇ ਸਾਬਤ ਹੋਈਆਂ ਹਨ।ਇਸ ਦੌਰਾਨ ਹਲਕਾ ਕਰਤਾਰਪੁਰ ਦੇ ਇੰਚਾਰਜ ਸਾਬਕਾ ਪੁਲਿਸ ਮੁਖੀ ਰਜਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਪ੍ਰਤੀ ਬਹੁਤ ਉਤਸ਼ਾਹ ਹੈ ਤੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਕਾਰਗੁਜਾਰੀ ਤੋਂ ਤੰਗ ਆ ਕੇ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣਾ ਚਾਹੁੰੁਦੇ ਹਨ ਤਾਂ ਜੋ ਇੱਕ ਪੜਿਆ ਲਿਖਿਆ ਤੇ ਸੂਝਵਾਨ ਨੇਤਾ ਲੋਕ ਸਭਾ ਵਿੱਚ ਪਹੁੰਚ ਕੇ ਉਨਾਂ ਦੇ ਮਸਲੇ ਹੱਲ ਕਰਵਾ ਸਕੇ ਤੇ ਜਲੰਧਰ ਦੇ ਲਈ ਨਵੇਂ ਪ੍ਰੋਜੇਕਟ ਲਿਆ ਸਕੇ।ਉਨਾਂ ਕਿਹਾ ਕਿ ਹੁਣ ਤੱਕ ਦੀਆਂ ਵੱਖ ਵੱਖ ਸੂਬਿਆਂ ਦੀਆਂ ਹੋਈਆਂ ਚੋਣਾਂ ਦੌਰਾਨ ਜੋ ਖਬਰਾ ਆ ਰਹੀਆ ਹਨ ਉਸ ਤੋਂ ਕਾਂਗਰਸ ਪਾਰਟੀ ਦੀ ਆਗਵਾਈ ਵਾਲੀ ਕੇਂਦਰ ਵਿੱਚ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ ਤੇ ਇਸ ਸਰਕਾਰ ਵਿੱਚ ਚਰਨਜੀਤ ਸਿੰਘ ਚੰਨੀ ਵਜੀਰ ਹੋਣਗੇ।ਉਨਾਂ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਲੰਧਰ ਦੇ ਭਵਿੱਖ ਅਤੇ ਤਰੱਕੀ ਲਈ ਅਜਿਹਾ ਮੋਕਾ ਖੁੰਝਣ ਨਾਂ ਦਿੱਤਾ ਜਾਵੇ।