ਦਿੱਲੀ ਕਮੇਟੀ ਮਨਜੀਤ ਸਿੰਘ ਭੋਮਾ ਨੂੰ ਪੰਜਾਬ ਧਾਰਮਿਕ ਕਮੇਟੀ ਦਾ ਇੰਚਾਰਜ ਲਾਉਣ ਤੋਂ ਬਾਅਦ ਤਿੰਨ ਅਗਸਤ ਨੂੰ ਅੰਮ੍ਰਿਤਸਰ ਵਿਖੇ ਖੋਲ਼੍ਹੇਗੀ ਆਪਣਾ ਦਫ਼ਤਰ
ਚੰਡੀਗੜ੍ਹ,27 ਜੁਲਾਈ(ਵਿਸ਼ਵ ਵਾਰਤਾ)- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਪੰਜਾਬ ਵਿੱਚ ਸਿੱਖ ਕੌਮ ਦੇ ਧਾਰਮਿਕ ਖੇਤਰ ਵਿੱਚ ਆਈ ਖੜੌਤ ਨੂੰ ਤੋੜਨ ਲਈ , ਪੰਥ ਦੇ ਉੱਜਲੇ ਭਵਿੱਖ ਵਾਸਤੇ , ਸਿੱਖ ਕੌਮ ਦੀ ਨੌਜਵਾਨ ਪਨੀਰੀ ਨੂੰ ਬਾਣੀ ਤੇ ਬਾਣੇ ਨਾਲ਼ ਜੋੜਨ ਲਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਨਿਕਟਵਰਤੀ ਸਾਥੀ , ਕੁਰਬਾਨੀ ਵਾਲ਼ੀ ਸ਼ਖ਼ਸੀਅਤ ਜੋ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਸਮੇਂ ਪੰਜ ਸਾਲ ਜੋਧਪੁਰ ਜੇਲ੍ਹ ਵਿੱਚ ਨਜ਼ਰਬੰਦ ਰਹੇ ਪੰਥਕ ਚਿਹਰੇ ਮਨਜੀਤ ਸਿੰਘ ਭੋਮਾ ਨੂੰ ਪੰਜਾਬ ਧਾਰਮਿਕ ਪ੍ਰਚਾਰ ਕਮੇਟੀ ਦਾ ਇੰਚਾਰਜ ਲਾਉਣ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਸੰਤ ਐਵਨਿਉ ਵਿਖੇ ਸਥਿਤ ਗੁਰੂ ਤੇਗ ਬਹਾਦਰ ਸਾਹਿਬ ਸਰਾਂ ਵਿੱਚ ਪੰਜਾਬ ਧਾਰਮਿਕ ਪ੍ਰਚਾਰ ਕਮੇਟੀ ਦਾ ਤਿੰਨ ਅਗਸਤ ਨੂੰ 12 ਵਜੇ ਆਪਣਾ ਦਫਤਰ ਖੋਲ੍ਹਣ ਜਾ ਰਹੀ ਹੈ। ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉਹਨਾਂ ਦੀ ਸਮੁੱਚੀ ਟੀਮ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ , ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ , ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ , ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ , ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ , ਸ ਸੰਤ ਮਹਾਂਪੁਰਸ਼ , ਨਿਹੰਗ ਸਿੰਘ ਜਥੇਬੰਦੀਆਂ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ , ਪੰਥਕ ਤੇ ਧਾਰਮਿਕ ਜਥੇਬੰਦੀਆਂ , ਪੰਥ ਦੀਆਂ ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ , ਪੰਥਕ ਬੁੱਧੀਜੀਵੀ , ਤੇ ਪੰਥਕ ਦਰਦੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ । ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਨਵੇਂ ਇੰਚਾਰਜ ਬਣੇ ਮਨਜੀਤ ਸਿੰਘ ਭੋਮਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਦੱਸਿਆਂ ਕਿ ਜਿਹਨਾਂ ਆਸਾਂ ਉਮੀਦਾਂ ਨਾਲ਼ ਉਹਨਾਂ ਨੂੰ ਉਕਤ ਜੁਮੇਂਵਾਰੀ ਸੌਂਪੀ ਗਈ ਹੈ ਉਹ ਉਹਨਾਂ ਆਸਾਂ ਉਮੀਦਾਂ ਤੇ ਖਰਾਂ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ।