ਦਿੱਲੀ ਆਧਾਰਿਤ ਪਾਰਟੀਆਂ ਪੰਜਾਬ ਨੂੰ ਗੁਲਾਮ ਬਣਾਉਣਾ ਚਾਹੁੰਦੀਆਂ ਹਨ ਪਰ ਦਿਲ ਜਿੱਤਣਾ ਨਹੀਂ ਚਾਹੁੰਦੀਆਂ: ਸੁਖਬੀਰ ਸਿੰਘ ਬਾਦਲ
ਪੰਜਾਬੀ ਨੂੰ ਪੰਜਾਬ ਨੂੰ ਬਚਾਉਣ ਲਈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੀਤੀ ਅਪੀਲ
ਪੰਜਾਬ ਬਚਾਓ ਯਾਤਰਾ ਨੂੰ ਸਨੌਰ ਤੇ ਘਨੌਰ ਵਿਚ ਮਿਲਿਆ ਲਾਮਿਸਾਲ ਹੁੰਗਾਰਾ
ਪਟਿਆਲਾ, 3 ਅਪ੍ਰੈਲ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਬਾਹਰਲਿਆਂ ਦੇ ਹਮਲੇ ਤੋਂ ਪੰਜਾਬ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ਅ਼ਤੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਪੰਜਾਬ ਨੂੰ ਗੁਲਾਮ ਬਣਾਉਣਾ ਚਾਹੁੰਦੀਆਂ ਹਨ ਪਰ ਦਿਲ ਨਹੀਂ ਜਿੱਤਣਾ ਚਾਹੁੰਦੀਆਂ।
ਅਕਾਲੀ ਦਲ ਦੇ ਪ੍ਰਧਾਨ ਦਾ ਅੱਜ ਪੰਜਾਬ ਬਚਾਓ ਯਾਤਰਾ ਦੌਰਾਨ ਸਨੌਰ ਤੇ ਘਨੌਰ ਵਿਖੇ ਨਿੱਘਾ ਸਵਾਗਤ ਹੋਇਆ ਤੇ ਲੋਕਾਂ ਨੂੰ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਉਹਨਾਂ ਕਿਹਾ ਕਿ ਅਕਾਲੀ ਦਲ ਗੁਰੂ ਸਾਹਿਬਾਨ ਦੇ ਫਲਸਫੇ ਦਾ ਅਸਲ ਵਾਰਿਸ ਹੈ ਅਤੇ ਉਹ ਸਰਬੱਤ ਦੇ ਭਲੇ ਵਿਚ ਵਿਸ਼ਵਾਸ ਰੱਖਦਾ ਹੈ ਤੇ ਹਮੇਸ਼ਾ ਜੋ ਪ੍ਰਚਾਰ ਕੀਤਾ, ਉਸੇ ’ਤੇ ਵਿਸ਼ਵਾਸ ਕਰਦਾ ਹੈ। ਉਹਨਾਂ ਕਿਹਾਕਿ ਇਕ ਪਾਸੇ ਤਾਂ ਤੁਹਾਡੀ ਆਪਣੀ ਪਾਰਟੀ ਹੈ ਜੋ ਹਮੇਸ਼ਾ ਗਰੀਬ, ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਨੂੰ ਨਾਲ ਲੈ ਕੇ ਤਰੱਕੀ ਦੇ ਰਾਹ ’ਤੇ ਚੱਲਦੀ ਹੈ ਜਦੋਂ ਕਿ ਦੂਜੇ ਪਾਸੇ ਕੇਂਦਰੀ ਤਾਕਤਾਂ ਹਨ ਜੋ ਪੰਜਾਬ ਨੂੰ ਕਮਜ਼ੋਰ ਕਰ ਕੇ ਇਸਦੇ ਸਰੋਤਾਂ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ, ਜਿਹਨਾਂ ਦਾ ’ਸਾਡਾ ਪੰਜਾਬ, ਅਸੀਂ ਪੰਜਾਬ ਦੇ’ ਵਰਗੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਸੈਂਕੜੇ ਨੌਜਵਾਨਾਂ ਨੇ ’ਉਡਦਾ ਬਾਜ਼’ ਨਾਂ ਦੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਤ ਕੀਤਾ, ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਨੇ ਤੁਹਾਨੂੰ ਲੁੱਟਿਆ ਹੈ।
ਉਹਨਾਂ ਕਿਹਾ ਕਿ ਦੋਹਾਂ ਪਾਰਟੀਆਂ ਨੇ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਆਪਣੇ ਕੌਮੀ ਟੀਚਿਆਂ ਦੀ ਪ੍ਰਾਪਤੀ ਵਾਸਤੇ ਕੀਤੀ ਹੈ। ਇਹ ਪਾਰਟੀਆਂ ਨਾ ਤਾਂ ਕੋਈ ਵਿਕਾਸ ਕਰ ਸਕੀਆਂ ਤੇ ਨਾ ਹੀ ਕੋਈ ਵੱਡਾ ਬੁਨਿਆਦੀ ਢਾਂਚਾ ਪ੍ਰਾਜੈਕਟ ਲਿਆ ਸਕੀਆਂ। ਉਹਨਾਂ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਨੌਕਰੀਆਂ ਮੰਗੀਆਂ,ਇਹਨਾਂ ਨੇ ਉਹਨਾਂ ’ਤੇ ਮੁਕੱਦਮੇ ਚਲਾਏ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਠੱਪ ਹੋਣ ਤੇ ਪੂੰਜੀਨਿਵੇਸ਼ ਹੋਰ ਰਾਜਾਂ ਵਿਚ ਜਾਣ ਦੀ ਪ੍ਰਧਾਨਗੀ ਕੀਤੀ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਸੂਬਾ ਸਾਰੀਆਂ ਕੇਂਦਰੀ ਪਾਰਟੀਆਂ ਤੋਂ ਆਪਣਾ ਖਹਿੜਾ ਛੁਡਾਉਣ।
ਯਾਤਰਾ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੀ ਐਨ ਕੇ ਸ਼ਰਮਾ, ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਸਰਦਾਰ ਭੁਪਿੰਦਰ ਸਿੰਘ ਸ਼ੇਖੂਪੁਰ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਤੇ ਆਪ ਦੋਵਾਂ ਵੱਲੋਂ ਪ੍ਰਚਾਰੇ ਬਦਲਾਅ ਦੇ ਨਾਅਰੇ ’ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ ਕਿ ਪਿਛਲੇ ਸੱਤ ਸਾਲਾਂ ਵਿਚ ਪੰਜਾਬ ਵਿਚ ਇਸਦੇ ਅਰਥਚਾਰੇ ਦੇ ਢਹਿ ਢੇਰੀ ਹੋਣ ਅਤੇ ਗਰੀਬਾਂ ਨੂੰ ਸਮਾਜ ਭਲਾਈ ਸਕੀਮਾਂ ਦਾ ਲਾਭ ਦੇਣ ਤੋਂ ਨਾਂਹ ਕਰਨ ਤੋਂ ਇਲਾਵਾ ਹੋਰ ਕੀ ਬਦਲਿਆ ਹੈ ?
ਉਹਨਾਂ ਨੇ ਕਾਂਗਰਸ ਤੇ ਆਪ ਦੋਵਾਂ ਦੇ ਦੋਗਲੇਪਨ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਦਾ ਕੌਮੀ ਪੱਧਰ ’ਤੇ ਗਠਜੋੜ ਹੈ ਪਰ ਉਹ ਪੰਜਾਬ ਵਿਚ ਇਕ ਦੂਜੇ ਦਾ ਵਿਰੋਧ ਕਰਨ ਦਾ ਡਰਾਮਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਹੀ ਇਸ ਅਪਵਿੱਤਰ ਗਠਜੋੜ ਨੂੰ ਪਛਾਣ ਲਿਆ ਹੈ ਤੇ ਦੋਵਾਂ ਪਾਰਟੀਆਂ ਨੂੰ ਕਰਾਰਾ ਸਬਕ ਸਿਖਾਇਆ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਭ ਨੂੰ ਲੈ ਕੇ ਵਿਕਾਸ ਕਰਨ ਦੀ ਕੀਤੀ ਵਚਨਬੱਧਤਾ ’ਤੇ ਕਾਇਮ ਹੈ। ਉਹਨਾਂ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਹਮੇਸ਼ਾ ਸਾਡੇ ਫਲਸਫੇ ਦਾ ਧੁਰਾ ਰਹਿਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਉਂਦੀਆਂ ਪਾਰਲੀਮਾਨੀ ਚੋਣਾਂ ਪੰਜਾਬੀਆਂ ਦੇ ਮਾਣ ਤੇ ਸਨਮਾਨ ਦੀਆਂ ਚੋਣਾਂ ਹਨ। ਉਹਨਾਂ ਕਿਹਾ ਕਿ ਅਸੀਂ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਦੇ ਵਾਰਸ ਹਾਂ ਤੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਣਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ।