ਦਿਲਰੋਜ਼ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ
ਅਦਾਲਤ ਨੇ ਕਾਤਲ ਨੀਲਮ ਨੂੰ ਸੁਣਾਈ ਮੌਤ ਦੀ ਸਜ਼ਾ
ਚੰਡੀਗੜ੍ਹ, 18ਅਪ੍ਰੈਲ(ਵਿਸ਼ਵ ਵਾਰਤਾ)- ਦਿਲਰੋਜ਼ ਕੌਰ ਦੇ ਬੇਰਹਿਮੀ ਨਾਲ ਕਤਲ ਕੇਸ ਵਿੱਚ ਕਾਤਲ ਨੀਲਮ ਨੂੰ ਲੈ ਕੇ ਅੱਜ ਅਦਾਲਤ ਦਾ ਵੱਡਾ ਫੈਸਲਾ ਆਇਆ ਹੈ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਨਵੰਬਰ 2021 ਵਿੱਚ ਤਿੰਨ ਸਾਲਾ ਬੱਚੀ ਦਿਲਰੋਜ਼ ਕੌਰ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੀ ਇੱਕ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਔਰਤ ਨੀਲਮ ਨੂੰ ਅਦਾਲਤ ਨੇ ਬੀਤੇ ਸ਼ੁੱਕਰਵਾਰ ਨੂੰ ਦੋਸ਼ੀ ਪਾਇਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਉਣ ਲਈ ਕਿਹਾ ਸੀ।
ਸੋਮਵਾਰ ਨੂੰ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਇਸ ਤੋਂ ਬਾਅਦ ਇਕ ਵਾਰ ਫਿਰ ਦੋਸ਼ੀ ਨੀਲਮ ਨੂੰ ਜੇਲ ਭੇਜ ਦਿੱਤਾ ਗਿਆ ਸੀ। ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਨੇ ਅਦਾਲਤ ਨੂੰ ਇਸ ਘਿਨਾਉਣੇ ਅਪਰਾਧ ਲਈ ਨੀਲਮ ਨੂੰ ਮੌਤ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਸੀ।
ਸੁਣਾਏ ਗਏ ਫੈਸਲੇ ਸੰਬੰਧੀ ਜਾਣਕਾਰੀ ਦਿੰਦਿਆਂ ਪਰਉਪਕਾਰ ਸਿੰਘ ਘੁੰਮਣ ਨੇ ਦੱਸਿਆ ਕਿ ਅਦਾਲਤ ਵਿਚ ਇਸ ਦੋਸ਼ ਨੂੰ ਸਾਬਿਤ ਕਰਨ ਲਈ ਉਨ੍ਹਾਂ ਨੇ 25 ਤੋਂ ਵੱਧ ਗਵਾਹ ਪੇਸ਼ ਕੀਤੇ ਸਨ। ਦਸ ਦਈਏ ਕੀ ਇਸ ਕੇਸ ਨੂੰ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਨਾਮੀ ਵਕੀਲ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਬਿਨਾਂ ਫੀਸ ਤੋਂ ਵਕਾਲਤ ਕਰਕੇ ਜਿੱਤਿਆ ਹੈ ਅਤੇ ਦੋਸਣ ਨੂੰ ਫਾਂਸੀ ਦੀ ਸਜ਼ਾ ਦਵਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।