ਦਿਆਲ ਸਿੰਘ ਮਜੀਠੀਆ ਰੀਸਰਚ ਐਂਡ ਕਲਚਰਲ ਫੋਰਮ ਲਾਹੌਰ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਔਨਲਾਈਨ ਅੰਤਰ ਰਾਸ਼ਟਰੀ ਕਵੀ ਦਰਬਾਰ ਕਰਵਾਇਆ
ਲੁਧਿਆਣਾਃ 8 ਨਵੰਬਰ(ਵਿਸ਼ਵ ਵਾਰਤਾ)ਦਿਆਲ ਸਿੰਘ ਮਜੀਠੀਆ ਰੀਸਰਚ ਐਂਡ ਕਲਚਰਲ ਫੋਰਮ ਲਾਹੌਰ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਔਨਲਾਈਨ ਅੰਤਰ ਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਡਾਃ ਸੁਰਜੀਤ ਪਾਤਰ ਜੀ ਨੇ ਕੀਤੀ।
ਸੁਆਗਤੀ ਸ਼ਬਦ ਬੋਲਦਿਆਂ ਡਾਃ ਰਜ਼ਾਕ ਸ਼ਾਹਿਦ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮੁੱਚੇ ਵਿਸ਼ਵ ਨੂੰ ਸਰਬੱਤ ਦਾ ਭਲਾ ਮੰਗਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਬੁੱਕਲ ਵਿੱਚ ਇੱਕੋ ਵੇਲੇ ਹਿੰਦੂ ਤੇ ਮੁਸਲਮਾਨ ਸਹਿਚਾਰ ਨਾਲ ਬੈਠਦੇ ਸਨ। ਉਨ੍ਹਾਂ ਕਿਹਾ ਕਿ ਦਯਾਲ ਸਿੰਘ ਮਜੀਠੀਆ ਫੋਰਮ ਵੱਲੋਂ ਪੰਜਾਬ ਦੇ ਰੰਗ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਜਿਸ ਦਾ ਮਨੋਰਥ ਪਾਕਿਸਤਾਨ ਤੇ ਭਾਰਤ ਵਿਚਲੇ ਸਾਂਝੇ ਪੰਜਾਬਾਂ ਦੀ ਵਿਰਾਸਤ ਨੂੰ ਪੇਸ਼ ਕਰਨਾ ਹੈ।
ਇਸ ਕਵੀ ਦਰਬਾਰ ਦਾ ਸੰਚਾਲਨ ਪਾਕਿਸਤਾਨ ਵੱਸਦੇ ਪ੍ਰਮੁੱਖ ਪੰਜਾਬੀ ਕਵੀ ਅਫ਼ਜ਼ਲ ਸਾਹਿਰ ਨੇ ਕੀਤਾ। ਇਸ ਕਵੀ ਦਰਬਾਰ ਵਿੱਚ ਭਾਰਤੀ ਪੰਜਾਬ ਤੋਂ ਡਾਃ ਸੁਰਜੀਤ ਪਾਤਰ, ਪ੍ਰੋਃ ਰਵਿੰਦਰ ਭੱਠਲ,ਗੁਰਭਜਨ ਗਿੱਲ, ਤ੍ਰੈਲੋਚਨ ਲੋਚੀ,ਮਨਜਿੰਦਰ ਧਨੋਆ, ਸਰਬਜੀਤ ਕੌਰ ਜੱਸ, ਡਾਃ ਗੁਰਮਿੰਦਰ ਕੌਰ ਸਿੱਧੂ, ਕਰਮਜੀਤ ਸਿੰਘ ਨੂਰ, ਕੈਨੇਡਾ ਤੋਂ ਸੁਜਾਨ ਸਿੰਘ ਸੁਜਾਨ ਤੇ ਗੁਰਦੀਸ਼ ਕੌਰ ਗਰੇਵਾਲ, ਪਾਕਿਸਤਾਨ ਤੋਂ ਅਫ਼ਜ਼ਲ ਸਾਹਿਰ,ਡਾਃ ਰਜ਼ਾਕ ਸ਼ਾਹਿਦ, ਤੌਕੀਰ ਚੁਗਤਾਈ , ਬਾਬਾ ਗੁਲਾਮ ਹੁਸੈਨ ਨਦੀਮ ਅਮਰੀਕਾ ਤੋਂ ਗੁਰਚਰਨਜੀਤ ਸਿੰਘ ਲਾਂਬਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਪ੍ਰਧਾਨਗੀ ਭਾਸ਼ਨ ਦੇਂਦਿਆਂ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਸ਼ਬਦਾਂ ਦੇ ਪੁਲ ਉਸਾਰਨੇ ਬਹੁਤ ਜ਼ਰੂਰੀ ਹਨ। ਦਿਆਲ ਸਿੰਘ ਮਜੀਠੀਆ ਫੋਰਮ ਨੇ ਅਫ਼ਜ਼ਲ ਸਾਹਿਰ ਤੇ ਗੁਰਭਜਨ ਗਿੱਲ ਦੇ ਸਹਾਰੇ ਨਾਲ ਮਜਬੂਤ ਪੁਲ ਦੀ ਆਧਾਰ ਸ਼ਿਲਾ ਰੱਖੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਦੇ ਦਰਦ ਨੂੰ ਚੇਤੇ ਰੱਖਦਿਆਂ ਸਾਨੂੰ ਮੁਹੱਬਤ ਦੀਆਂ ਕਲਮਾਂ ਵਾਲੇ ਗੁਲਾਬ ਲਾਉਣੇ ਚਾਹੀਦੇ ਹਨ ਤਾਂ ਜੋ ਦੱਖਣੀ ਏਸ਼ੀਆ ਦੇ ਇਨ੍ਹਾਂ ਦੋ ਮਹੱਤਵਪੂਰਨ ਮੁਲਕਾਂ ਦਾ ਅਮਨ ਸਦੀਵੀ ਬਣਾਇਆ ਜਾ ਸਕੇ। ਅਫ਼ਜ਼ਲ ਸਾਹਿਰ ਨੇ ਸਭ ਸ਼ਾਇਰਾਂ ਦਾ ਧੰਨਵਾਦ ਕੀਤਾ।