ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿੱਚ ਧਰਮਸੋਤ ਦੀ ਗ੍ਰਿਫ਼ਤਾਰੀ ਲਈ ਆਮ ਆਦਮੀ ਪਾਰਟੀ ਨੇ ਸੂਬੇ ਭਰ ਵਿੱਚ ਕੀਤੇ ਰੋਸ ਮੁਜ਼ਾਹਰੇ
‘ਗੁੰਮਸ਼ੁਦਾ ਕੈਪਟਨ’ ਦਲਿਤਾਂ ਦੇ ਵਜੀਫਿਆਂ ਬਾਰੇ ਸਿਰਫ਼ ਬਿਆਨਾਂ ਤਕ ਸੀਮਤ, ਧਰਾਤਲ ਉੱਤੇ ਕੋਈ ਕਾਰਵਾਈ ਨਹੀ
ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਦਲਿਤਾਂ ਨੂੰ ਹਮੇਸ਼ਾ ਲੁੱਟਿਆ ਅਤੇ ਕੁੱਟਿਆ-ਆਪ
ਧਰਮਸੋਤ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਤੋਂ ਬਿਨਾਂ ਦਲਿਤਾਂ ਨੂੰ ਇਨਸਾਫ਼ ਮਿਲਣਾ ਨਾਮੁਮਕਿਨ
ਚੰਡੀਗੜ੍ਹ, 12 ਜੂਨ(ਵਿਸ਼ਵ ਵਾਰਤਾ)-ਪੰਜਾਬ ਦੀ ਕਾਂਗਰਸ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਦੇ ਵਜੀਫੇ ਦੇ ਪੈਸੇ ਹੜੱਪਣ ਕਾਰਨ ਸੂਬੇ ਦੇ ਕਰੀਬ 2 ਲੱਖ ਵਿਦਿਆਰਥੀ ਦੇ ਰੁਕੇ ਰੋਲ ਨੰਬਰਾਂ ਦੇ ਮਾਮਲੇ ਵਿੱਚ ਮੰਤਰੀ ਧਰਮਸੋਤ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ ਨੇ ਅੱਜ ਸੂਬੇ ਭਰ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਮੰਤਰੀ ਧਰਮਸੌਤ ਦੇ ਪੁਤਲੇ ਸਾੜੇ। ਮੀਡੀਆ ਵਿੱਚ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਅਤੇ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਦਲਿਤਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਹਮੇਸ਼ਾ ਦਲਿਤਾਂ ਦੇ ਬੱਚਿਆਂ ਨਾਲ ਵਿਤਕਰਾ ਕਰਦਿਆਂ ਉਨ੍ਹਾਂ ਲਈ ਰਾਖਵੇਂ ਰੱਖੇ ਪੈਸਿਆਂ ਉੱਤੇ ਵੀ ਡਾਕਾ ਮਾਰਿਆ ਹੈ। ਆਪ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਵਿਖਾਵੇ ਲਈ ਦਲਿਤ ਬੱਚਿਆਂ ਦੀ ਭਲਾਈ ਲਈ ਹਰ ਸਾਲ 800 ਕਰੋੜ ਦਾ ਬਜਟ ਰੱਖਦੀ ਹੈ ਪ੍ਰੰਤੂ ਅਸਲ ਵਿੱਚ ਵਿੱਚ ਇਹ ਪੈਸਾ ਮੰਤਰੀ ਅਤੇ ਸੰਤਰੀ ਰਲ ਮਿਲ ਕੇ ਖੁਰਦ ਬੁਰਦ ਕਰ ਲੈਂਦੇ ਹਨ।
ਆਪ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਸੂਬੇ ਦੇ ਕਿਸੇ ਵੀ ਕੰਮ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਉਹ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰ ਕੇ ਰੂਪੋਸ਼ ਹੋ ਗਏ ਹਨ। ਪੰਜਾਬ ਦੇ ਲੋਕ ‘ਗੁੰਮਸ਼ੁਦਾ ਕੈਪਟਨ’ ਨੂੰ ਲੱਭ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਣਦੱਸੀ ਥਾਂ ਤੋਂ ਹੀ ਦਲਿਤਾਂ ਲਈ ਵੱਡੇ ਵੱਡੇ ਐਲਾਨ ਕਰ ਰਹੇ ਹਨ ਜਦਕਿ ਧਰਾਤਲ ਤੇ ਪੰਜਾਬ ਦੇ ਦਲਿਤ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਾਰ ਵਾਰ ਸਕਾਲਰਸਪਿ ਸਕੈਮ ਦੇ ਪੈਸੇ ਜਾਰੀ ਕਰਨ ਦੇ ਬਿਆਨ ਦਾਗ ਦਿੰਦੀ ਹੈ ਪ੍ਰੰਤੂ ਅਸਲ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਜਿਸ ਕਾਰਨ ਦਲਿਤ ਵਿਦਿਆਰਥੀ ਵਾਰ ਵਾਰ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਮੰਤਰੀ ਧਰਮਸੋਤ ਦੀ ਗ੍ਰਿਫਤਾਰੀ ਤੋਂ ਬਿਨਾਂ ਦਲਿਤ ਵਿਦਿਆਰਥੀਆਂ ਨੂੰ ਕਿਸੇ ਪ੍ਰਕਾਰ ਦਾ ਨਿਆਂ ਮਿਲਣਾ ਨਾਮੁਮਕਿਨ ਹੈ।
ਆਪ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਦਲਿਤਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ ਅਤੇ ਦਲਿਤ ਬੱਚਿਆਂ ਦੇ ਮੁਫਤ ਸਿੱਖਿਆ ਪ੍ਰਬੰਧ ਕਰਨ ਦੇ ਵੀ ਦਾਅਵੇ ਕੀਤੇ ਸਨ ਪ੍ਰੰਤੂ ਸਰਕਾਰ ਸਥਾਪਤੀ ਤੋਂ ਬਾਅਦ ਉਹ ਆਪਣੇ ਵਾਅਦਿਆਂ ਤੋਂ ਮੁਕਰ ਗਏ ਹਨ ਜਿਸ ਕਾਰਨ ਦਲਿਤ ਬੱਚੇ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤ ਬੱਚੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੁਆਰਾ ਸੰਵਿਧਾਨ ਰਾਹੀਂ ਉਨ੍ਹਾਂ ਨੂੰ ਦਿੱਤੇ ਹੱਕਾਂ ਤੋਂ ਵੀ ਵਾਂਝੇ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਿਲ ਕੇ ਦਲਿਤ ਬੱਚਿਆਂ ਦੇ ਪੈਸੇ ਹੜੱਪ ਲਏ ਹਨ ਜਿਸ ਕਾਰਨ ਉਹ ਹੁਣ ਆਪਣੀ ਉਚੇਰੀ ਸਿੱਖਿਆ ਲੈਣ ਵਿੱਚ ਔਖ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਦੇ ਸਮੇਂ ਵੀ ਦਲਿਤ ਬੱਚਿਆਂ ਦੇ ਪੋਸਟ ਮੈਟ੍ਰਿਕ ਸਕੀਮ ਅਧੀਨ ਆਏ ਪੈਸਿਆਂ ਵਿੱਚ ਘੁਟਾਲਾ ਹੋਇਆ ਸੀ ਜਿਸ ਕਾਰਨ ਉਸ ਸਮੇਂ ਵੀ ਦਲਿਤ ਬੱਚੇ ਆਪਣੀ ਸਿੱਖਿਆ ਤੋਂ ਵਾਂਝੇ ਰਹੇ ਸਨ।