ਦਰਦਨਾਕ ਹਾਦਸਾ – ਘਰ ‘ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਮੌਤ
ਚੰਡੀਗੜ੍ਹ, 17ਦਸੰਬਰ(ਵਿਸ਼ਵ ਵਾਰਤਾ) ਤੇਲੰਗਾਨਾ ਦੇ ਮਨਚੇਰੀਅਲ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਇੱਥੇ ਮੰਦਾਮਾਰੀ ਮੰਡਲ ਵਿੱਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਵਿੱਚ ਇੱਕੋ ਪਰਿਵਾਰ ਦੇ 6 ਲੋਕ ਜ਼ਿੰਦਾ ਸੜ ਗਏ। ਘਰ ਦਾ ਮਾਲਕ 50 ਸਾਲਾ ਸ਼ਿਵਯਾ, ਉਸ ਦੀ 45 ਸਾਲਾ ਪਤਨੀ ਪਦਮਾ, ਪਦਮਾ ਦੀ ਵੱਡੀ ਭੈਣ ਦੀ 23 ਸਾਲਾ ਧੀ ਮੋਨਿਕਾ, ਉਸ ਦੀਆਂ ਦੋ ਧੀਆਂ ਅਤੇ ਇਕ ਹੋਰ ਔਰਤ ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਮੰਦਾਮਾਰੀ ਸਰਕਲ ਦੇ ਪੁਲਿਸ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਰਾਤ 12 ਤੋਂ 12:30 ਵਜੇ ਦੇ ਦਰਮਿਆਨ ਗੁਆਂਢੀਆਂ ਨੇ ਸ਼ਿਵਾਏ ਦੇ ਘਰ ‘ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਉਨ੍ਹਾਂ ਤੁਰੰਤ ਪਿੰਡ ਵਾਸੀਆਂ ਅਤੇ ਫਿਰ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੱਸਿਆ ਕਿ ਜਦੋਂ ਤੱਕ ਅਸੀਂ ਪਹੁੰਚੇ, ਉਦੋਂ ਤੱਕ ਪੂਰਾ ਘਰ ਅੱਗ ਦੀ ਲਪੇਟ ‘ਚ ਸੀ ਅਤੇ ਸਾਰੇ 6 ਲੋਕ ਜ਼ਿੰਦਾ ਸੜ ਚੁੱਕੇ ਸਨ। ਜਾਣਕਾਰੀ ਮੁਤਾਬਕ ਘਰ ‘ਚ ਮੌਜੂਦ ਕੁੱਲ 6 ਮੈਂਬਰਾਂ ਦੀ ਮੌਤ ਹੋ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।