“ਵਿਸ਼ਵ ਓਰਲ ਹੈਲਥ ਹਫਤਾ”
ਤੰਬਾਕੂ ਉਤਪਾਦਾਂ ਦੀ ਵਰਤੋ, ਕੈਂਸਰ ਨੂੰ ਦਾਵਤ : ਡਾ ਗੁਰਿੰਦਰਬੀਰ ਕੌਰ
ਕਪੂਰਥਲਾ,17 ਮਾਰਚ(ਵਿਸ਼ਵ ਵਾਰਤਾ)- : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਤੇ ਡੀਡੀਐਚੳ ਡਾ ਕਪਿਲ ਡੋਗਰਾ ਦੀ ਅਗਵਾਈ ਵਿਚ ਨਵਜੀਵਨ ਕੇਂਦਰ ਵਿਖੇ “ਵਿਸ਼ਵ ਓਰਲ ਹੈਲਥ ਹਫਤੇ ” ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਹਾਜਰੀਨਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਅਸੀਂ ਆਮ ਤੌਰ ‘ਤੇ ਦੰਦਾਂ ਦਾ ਇਲਾਜ ਕਰਵਾਉਣ ‘ਚ ਲਾਪਰਵਾਹੀ ਵਰਤਦੇ ਹਾਂ ਤੇ ਗੰਭੀਰ ਸਮੱਸਿਆ ਆਉਣ ‘ਤੇ ਹੀ ਡਾਕਟਰ ਕੋਲ ਜਾਂਦੇ ਹਾਂ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਤੰਬਾਕੂ ਉਤਪਾਦਾਂ ਦੀ ਵਰਤੋ ਤੋਂ ਬਚਣਾ ਚਾਹੀਦਾ ਹੈ ਕਿਉਂ ਕਿ ਇਸ ਦੀ ਵਰਤੋਂ ਨਾਲ ਦੰਦ ਤਾਂ ਖਰਾਬ ਹੁੰਦੇ ਹੀ ਹਨ ਨਾਲ ਦੇ ਨਾਲ ਮੂੰਹ ਦਾ ਕੈਂਸਰ , ਫੇਫੜਿਆਂ ਦਾ ਕੈਂਸਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਮੌਕੇ ਨਵਜੀਵਨ ਕੇਂਦਰ ਵਿਚ ਆਏ ਮਰੀਜ਼ਾਂ ਨੂੰ ਦੰਦਾਂ ਦੀ ਸਾਂਭ ਸੰਭਾਲ ਬਾਰੇ ਵੀਡੀਓ ਦਿਖਾਕੇ ਜਾਗਰੂਕ ਕੀਤਾ ਗਿਆ। ਡੀ.ਡੀ.ਐਚ.ਓ ਡਾ ਕਪਿਲ ਡੋਗਰਾ ਨੇ ਸਰਕਾਰੀ ਹਸਪਤਾਲਾਂ ਵਿਚ ਦੰਦਾਂ ਦੀ ਜਾਂਚ ਕਰਵਾਉਣ ਲਈ ਹਾਜਰੀਨਾਂ ਨੂੰ ਪ੍ਰੇਰਿਤ ਵੀ ਕੀਤਾ। ਸੈਮੀਨਾਰ ਉਪਰੰਤ ਡਾ ਗੁਰਦੇਵ ਭੱਟੀ ਤੇ ਜਪਨੀਤ ਸੰਧੂ ਵਲੋਂ ਦੰਦਾਂ ਦਾ ਚੈਕ ਅੱਪ ਵੀ ਕੀਤਾ ਗਿਆ।
ਇਸ ਮੌਕੇ ਏਸੀਐਸ ਡਾ ਅੰਨੂ ਸ਼ਰਮਾ,ਡਾ ਸੰਦੀਪ ਭੋਲਾ, ਡਾ ਗੁਰਦੇਵ ਭੱਟੀ, ਡਾ ਜਪਨੀਤ ਸੰਧੂ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।