ਤੰਦੂਰੀਏ ਵੱਲੋਂ ਰੋਟੀਆਂ ਨੂੰ ਥੁੱਕ ਲਾਉਣ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ‘ਸ਼ਾਮਾ ਢਾਬੇ’ ਦੀ ਚੈਕਿੰਗ
ਪੜ੍ਹੋ ,ਕੀ ਨਿਕਲਿਆ ਵੀਡੀਓ ਦਾ ਸੱਚ
ਮੋਹਾਲੀ, 10 ਜਨਵਰੀ(ਵਿਸ਼ਵ ਵਾਰਤਾ) : ਸੋਹਾਣਾ ਲਾਗਲੇ ਲਖਨੌਰ ਵਿਚ ਪੈਂਦੇ ਸ਼ਾਮਾ ਢਾਬੇ ਦੇ ਤੰਦੂਰੀਏ ਦੁਆਰਾ ਰੋਟੀਆਂ ਨੂੰ ਕਥਿਤ ਤੌਰ ’ਤੇ ਥੁੱਕ ਲਗਾਉਣ ਦੀ ਵੀਡੀਉ ਵੇਖਣ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਨੇ ਸੱਚਾਈ ਜਾਣਨ ਲਈ ਉਕਤ ਦੁਕਾਨ ਵਿਚ ਜਾ ਕੇ ਜਾਂਚ-ਪੜਤਾਲ ਕੀਤੀ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ਵਿਚ ਵੀਡੀਉ ਫੈਲੀ ਸੀ ਜਿਸ ਵਿਚ ਸ਼ਾਮਾ ਢਾਬੇ ਦਾ ਤੰਦੂਰੀਆ ਤੰਦੂਰ ਵਿਚ ਰੋਟੀਆਂ ਲਗਾਉਣ ਤੋਂ ਪਹਿਲਾਂ ਉਨ੍ਹਾਂ ’ਤੇ ਕਥਿਤ ਤੌਰ ’ਤੇ ਥੁੱਕ ਸੁਟਦਾ ਵਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਉ ਦਾ ਨੋਟਿਸ ਲੈ ਕੇ ਫ਼ੂਡ ਸੇਫ਼ਟੀ ਅਫ਼ਸਰ ਰਵੀਨੰਦਨ ਕੁਮਾਰ ਦੀ ਅਗਵਾਈ ਵਿਚ ਟੀਮ ਬਣਾਈ ਗਈ। ਇਸ ਟੀਮ ਨੇ ਦੁਕਾਨ ਵਿਚ ਜਾ ਕੇ ਦੁਕਾਨ ਦੇ ਮਾਲਕ ਅਤੇ ਉਥੇ ਮੌਜੂਦ ਗਾਹਕਾਂ ਨਾਲ ਗੱਲਬਾਤ ਕੀਤੀ।
ਦੁਕਾਨ ਦੇ ਮਾਲਕ ਨੇ ਦਸਿਆ ਕਿ ਸਬੰਧਤ ਤੰਦੂਰੀਏ ਨੂੰ ਕੋਈ ਸਰੀਰਕ ਬੀਮਾਰੀ ਹੈ ਜਿਸ ਕਾਰਨ ਉਹ ਗਰਦਨ ਹਿਲਾਉਂਦਾ ਹੈ ਜਦਕਿ ਰੋਟੀਆਂ ਉਤੇ ਥੁੱਕ ਲਾਉਣ ਵਾਲੀ ਗੱਲ ਬਿਲਕੁਲ ਝੂਠ ਅਤੇ ਬੇਬੁਨਿਆਦ ਹੈ। ਉਸ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਇਥੇ ਕੰਮ ਕਰ ਰਹੇ ਹਨ ਪਰ ਅੱਜ ਤਕ ਕਿਸੇ ਵੀ ਗਾਹਕ ਨੇ ਅਜਿਹੀ ਸ਼ਿਕਾਇਤ ਨਹੀਂ ਕੀਤੀ। ਟੀਮ ਨੇ ਅਪਣੇ ਤੌਰ ’ਤੇ ਉਥੇ ਮੌਜੂਦ ਗਾਹਕਾਂ ਦਾ ਪੱਖ ਜਾਣਿਆ ਜਿਨ੍ਹਾਂ ਥੁੱਕ ਲਾਉਣ ਵਾਲੀ ਗੱਲ ਨੂੰ ਕੋਰਾ ਝੂਠ ਕਰਾਰ ਦਿਤਾ। ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਉਕਤ ਤੰਦਰੂੀਆ ਮੌਕੇ ’ਤੇ ਦੁਕਾਨ ਵਿਚ ਮੌਜੂਦ ਨਹੀਂ ਸੀ ਪਰ ਦੁਕਾਨ ਦੇ ਮਾਲਕ ਨੇ ਪੂਰੀ ਜ਼ਿੰਮੇਵਾਰੀ ਨਾਲ ਥੁੱਕ ਲਾਉਣ ਵਾਲੀ ਗੱਲ ਤੋਂ ਇਨਕਾਰ ਕੀਤਾ ਹੈ। ਟੀਮ ਨੇ ਦੁਕਾਨ ਵਿਚ ਸਫ਼ਾਈ ਨਾ ਹੋਣ ਦਾ ਚਲਾਨ ਕਟਿਆ ਅਤੇ ਸਫ਼ਾਈ ਰੱਖਣ ਦੀਆਂ ਹਦਾਇਤਾਂ ਦਿਤੀਆਂ। ਡਾ. ਸੁਭਾਸ਼ ਕੁਮਾਰ ਮੁਤਾਬਕ ਦੁਕਾਨ ਦੇ ਮਾਲਕ ਨੇ ਕਿਹਾ ਕਿ ਕਿਸੇ ਵਿਅਕਤੀ ਨੇ ਸਾਜ਼ਸ਼ ਤਹਿਤ ਉਨ੍ਹਾਂ ਦੀ ਦੁਕਾਨ ਦੀ ਵੀਡੀਉ ਬਣਾਈ ਹੈ। ਉਨ੍ਹਾਂ ਕਿਹਾ ਕਿ ਫ਼ੂਡ ਸੇਫ਼ਟੀ ਦੀ ਟੀਮ ਦੁਬਾਰਾ ਉਸ ਦੁਕਾਨ ’ਤੇ ਜਾ ਕੇ ਤੰਦੂਰੀਏ ਨਾਲ ਗੱਲਬਾਤ ਕਰੇਗੀ।