ਮੋਟੀਵੇਟਰਾਂ ਨੂੰ ਮਹੀਨਾਵਾਰ ਤਨਖਾਹ ਦੇਣ ਦਾ ਮਾਮਲਾ ਮੁੱਖ ਮੰਤਰੀ ਨਾਲ ਵਿਚਾਰਿਆ ਜਾਵੇਗਾ
ਚੰਡੀਗੜ੍ਹ, 15 ਫਰਵਰੀ: ਸੂਬੇ ਦੇ ਜਲ ਸਪਾਲਈ ਅਤੇ ਸੈਨੀਟੇਸ਼ਨ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵਿਭਾਗ ਵਿਚ ਸਵੱਛ ਭਾਰਤ ਸਵੱਛ ਪੰਜਾਬ ਮਿਸ਼ਨ ਤਹਿਤ ਕੰਮ ਕਰਦੇ ਮਾਸਟਰ ਮੋਟੀਵੇਟਰਾਂ ਅਤੇ ਮੋਟੀਵੇਟਰਾਂ ਦੇ ਬਣਦੇ ਬਕਾਏ ਬਿਨਾਂ ਕਿਸੇ ਦੇਰੀ ਦੇ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ।ਅੱਜ ਇੱਥੇ ਜਲ ਸਪਲਾਈ ਮੰਤਰੀ ਦੇ ਦਫਤਰ ਵਿਖੇ ਮੋਟੀਵੇਟਰਾਂ ਦੀ ਜਥੇਬੰਦੀ ਨਾਲ ਹੋਈ ਮੀਟਿੰਗ ਦੌਰਾਨ ਸ੍ਰੀ ਤ੍ਰਿਪਤ ਬਾਜਵਾ ਨੇ ਇਹ ਹਦਾਇਤਾਂ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਕੀਤੀਆਂ।
ਜਲ ਸਪਾਲਈ ਅਤੇ ਸੈਨੀਟੇਸ਼ਨ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜੇਕਰ ਕਿਸੇ ਪੱਧਰ `ਤੇ ਕਿਸੇ ਅਧਿਕਾਰੀ ਨੇ ਬਿਨਾਂ ਵਜਾ ਮੋਟੀਵੇਟਰਾਂ ਦੇ ਬਕਾਏ ਜਾਰੀ ਨਹੀਂ ਕੀਤੇ ਤਾਂ ਉਨ੍ਹਾਂ ਦੀ ਜਵਾਬ ਤਲਬੀ ਕੀਤੀ ਜਾਵੇ।ਇਸ ਸਬੰਧੀ ਵਿਭਾਗ ਦੇ ਮੁੱੱਖੀ ਨੂੰ ਕਿਹਾ ਕਿ ਉਹ ਇਸ ਸਬੰਧੀ ਦੋ ਦਿਨਾਂ ਵਿਚ ਸਾਰੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ ਤੋਂ ਤੱਥਾਂ ਸਾਹਿਤ ਰਿਪੋਰਟ ਲੈ ਕੇ ਪੇਸ਼ ਕਰਨ।
ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਮੋਟੀਵੇਟਰ ਆਪਣੇ ਬਕਾਇਆਂ ਸਬੰਧੀ ਜ਼ਿਲ੍ਹਾਵਾਰ ਰਿਪੋਰਟ 1 ਮਾਰਚ ਤੱਕ ਵਿਭਾਗ ਦੇ ਮੁੱਖ ਦਫਤਰ ਵਿਚ ਜਮਾਂ ਕਰਵਾਉਣਗੇ।ਇਸ ਉਪਰੰਤ ਬਣਦੇ ਬਕਾਏ ਇੱਕ ਮਹੀਨੇ ਦੇ ਅੰਦਰ ਅੰਦਰ ਜਾਰੀ ਕਰ ਦਿੱਤੇ ਜਾਣਗੇ।
ਇਸ ਮੌਕੇ ਮੋਟੀਵੇਟਰਾਂ ਵਲੋਂ ਉਨ੍ਹਾਂ ਨੂੰ ਮਹੀਨਾਵਾਰ ਤਨਖਾਹ ਦੇਣ ਦੀ ਮੰਗ `ਤੇ ਵਿਚਾਰ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਕਿਹਾ ਕਿ ਉਹ ਇਹ ਮਾਮਲਾ ਕੈਬਨਿਟ ਵਿਚ ਵਿਚਾਰਨ ਲਈ ਰੱਖਣਗੇ ਅਤੇ ਮੁੱਖ ਮੰਤਰੀ ਨਾਲ ਗੱਲ ਕਰਨਗੇ।
ਇਸ ਮੌਕੇ ਜਲ ਸਪਲਾਈ ਮੰਤਰੀ ਸ੍ਰੀ ਬਾਜਵਾ ਨੇ ਮੋਟੀਵੇਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਖੁੱਲੇ ਵਿਚ ਜੰਗਲ ਪਾਣੀ ਤੋਂ ਮੁਕਤ ਕਰਨ, ਪਿੰਡਾਂ ਵਿਚ ਪਾਣੀ ਦੇ ਬਿੱਲ ਇਕੱਠੇ ਕਰਨ ਅਤੇ ਲੋਕਾਂ ਨੂੰ ਪਾਣੀ ਦੀ ਸਹੀ ਵਰਤਂੋ ਕਰਨ ਸਬੰਧੀ ਪੂਰੀ ਤਨਦੇਹੀ ਨਾਲ ਜਿੰਮੇਵਾਰੀ ਨਿਭਾਉਣ।ਇਸ ਦੇ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਚੰਗੇ ਨਤੀਜੇ ਦੇਣ ਵਾਲੇ ਮੋਟੀਵੇਟਰਾਂ ਨੂੰ ਹੀ ਅੱਗੇ ਲਈ ਕੰਮ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਨ ਵਿਭਾਗ ਦੀ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ, ਡਾਇਰੈਕਟਰ ਸ੍ਰੀ ਅਸ਼ਵਨੀ ਕੁਮਾਰ ਅਤੇ ਵਧੀਕ ਸਕੱਤਰ ਸ੍ਰੀ ਮੁਹੰਮਦ ਇਸ਼ਫਾਕ ਵੀ ਮੌਜੂਦ ਸਨ।