ਤੀਸਰੀ ਵਾਰ ਸਰਕਾਰ ਬਣਾਉਣ ਦੀ ਬੀਜੇਪੀ ਦੀ ਪੂਰੀ ਤਿਆਰੀ, ਪਾਰਟੀ ਅੱਜ ਦਿਖਾਏਗੀ NDA ਦੀ ਤਾਕਤ
ਦਿੱਲੀ, 7 ਜੂਨ (ਵਿਸ਼ਵ ਵਾਰਤਾ):- ਬੀਜੇਪੀ ਨੇ ਤੀਸਰੀ ਬਾਰ ਕੇਂਦਰ ਵਿਚ ਸਰਕਾਰ ਬਣਾਉਣ ਦੀ ਤਿਆਰੀ ਪੂਰੀ ਕਰ ਲਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬੀਜੇਪੀ ਦੇ ਪ੍ਰਧਾਨ ਜੇਪੀ ਨੱਢਾ ਨੇ ਲਗਾਤਾਰ ਮੈਰਾਥਨ ਮੀਟਿੰਗਾਂ ਕਰਕੇ ਸੰਗਠਨ ਦੀ ਰੂਪਰੇਖਾ ਤਿਆਰ ਕਰ ਲਈ ਹੈ। ਵਿਰੋਧੀ ਪਾਰਟੀਆਂ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਬੀਜੇਪੀ ਨੇ NDA ਦੀ ਤਾਕਤ ਦਿਖਾਉਣ ਦੀ ਭੂਮਿਕਾ ਬੰਨ੍ਹ ਲਈ ਹੈ। NDA ਨੇ ਕੁਲ 293 ਸੀਟਾਂ ਹਾਸਲ ਕੀਤੀਆਂ ਹਨ ਜੋ ਬਹੁਮਤ ਦੀਆਂ 272 ਸੀਟਾਂ ਤੋਂ ਕਾਫੀ ਜ਼ਿਆਦਾ ਹੈ। ਬੀਜੇਪੀ ਸੀਟਾਂ ਦੇ ਇਸ ਆਂਕੜੇ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸਤੋਂ ਬਾਅਦ ਹੁਣ ਰਾਸ਼ਟਰਪਤੀ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। NDA ਦੇ ਸਾਰੇ ਜੇਤੂ ਮੈਂਬਰਾ ਵਲੋਂ ਨਰੇਂਦਰ ਮੋਦੀ ਨੂੰ ਆਪਣਾ ਨੇਤਾ ਚੁਣੇ ਜਾਣ ਤੋਂ ਬਾਅਦ ਹੁਣ ਕਈ ਹੋਰ ਸਾਂਸਦ ਵੀ ਬੀਜੇਪੀ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ। ਕਈ ਆਜ਼ਾਦ ਉਮੀਦਵਾਰਾਂ ਅਤੇ ਛੋਟੇ ਦਲਾਂ ਨਾਲ ਗੱਲਬਾਤ ਵੀ ਅੰਤਿਮ ਦੌਰ ਵਿਚ ਪਹੁੰਚ ਚੁੱਕੀ ਹੈ। ਜਾਣਕਾਰੀ ਮੁਤਾਬਕ 300 ਤੋਂ ਜ਼ਿਆਦਾ ਸਾਂਸਦਾਂ ਨਾਲ NDA ਵਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ 9 ਜੂਨ ਨੂੰ ਸੋਹੁੰ ਚੁੱਕ ਸਮਾਗਮ ਹੋਵੇਗਾ। ਪਰ ਇਸਦੀ ਉਪਚਾਰਕ ਘੋਸ਼ਣਾ ਦਾ ਅਜੇ ਇੰਤਜ਼ਾਰ ਕੀਤਾ ਜਾ ਰਿਹਾ ਹੈ।