ਡੋਮਿਨੋਜ਼ ਪੀਜ਼ਾ ਨੂੰ ਕੈਰੀ ਬੈਗ ਚਾਰਜ ਕਰਨਾ ਪਿਆ ਮਹਿੰਗਾ
ਭਰਨਾ ਪਵੇਗਾ ਹਰਜਾਨਾ
ਚੰਡੀਗੜ੍ਹ,13ਫਰਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਦੇ ਡੋਮਿਨੋਜ਼ ਪੀਜ਼ਾ ਸਟੋਰ ਨੂੰ ਕੈਰੀ ਬੈਗ ਦੇ ਪੈਸੇ ਵਸੂਲਣੇ ਮਹਿੰਗੇ ਪੈ ਗਏ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਖਪਤਕਾਰ ਕਮਿਸ਼ਨ ਨੇ ਇੱਕ ਮਾਮਲੇ ਵਿੱਚ ਚੰਡੀਗੜ੍ਹ ਦੇ ਸੈਕਟਰ 15 ਵਿੱਚ ਸਥਿਤ ਡੋਮੀਨੋਜ਼ ਪੀਜ਼ਾ ਰੈਸਟੋਰੈਂਟ ਨੂੰ ਕੈਰੀ ਬੈਗਾਂ ਦੀ ਕੀਮਤ ਵਸੂਲਣ ਦਾ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ‘ਕੈਰੀ ਬੈਗ’ ਚਾਰਜ ਕਰਨ ਵਿਰੁੱਧ ਜਾਰੀ ਕੀਤੇ ਗਏ ਕਈ ਹੁਕਮਾਂ ਦੇ ਬਾਵਜੂਦ ਸ਼ਾਪਿੰਗ ਮਾਲਾਂ ਅਤੇ ਰੈਸਟੋਰੈਂਟਾਂ-ਸ਼ੋਰੂਮਾਂ ‘ਚ ਕੈਰੀ ਬੈਗ ਵਸੂਲੇ ਜਾ ਰਹੇ ਹਨ।
ਪਾਰਸ ਸ਼ਰਮਾ ਸੈਕਟਰ 23 ਚੰਡੀਗੜ੍ਹ ਨੇ ਅਕਤੂਬਰ 2020 ਵਿੱਚ ਡੋਮੀਨੋਜ਼ ਪੀਜ਼ਾ, ਸੈਕਟਰ 15, ਚੰਡੀਗੜ੍ਹ, ਇਸਦੇ ਪ੍ਰੋਪਰਾਈਟਰ, ਜੁਬੀਲੈਂਟ ਫੂਡਵਰਕਸ ਲਿਮਟਿਡ, ਨੋਇਡਾ, ਉੱਤਰ ਪ੍ਰਦੇਸ਼ ਅਤੇ ਡੋਮੀਨੋਜ਼ ਪੀਜ਼ਾ ਇੰਡੀਆ ਲਿਮਟਿਡ, ਨੋਇਡਾ, ਉੱਤਰ ਪ੍ਰਦੇਸ਼ ਨੂੰ ਧਿਰ ਬਣਾ ਕੇ ਇਹ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਅਨੁਸਾਰ 29 ਮਈ 2019 ਨੂੰ ਸ਼ਿਕਾਇਤਕਰਤਾ ਸੈਕਟਰ 15 ਸਥਿਤ ਡੋਮੀਨੋਜ਼ ਪੀਜ਼ਾ ਰੈਸਟੋਰੈਂਟ ਵਿੱਚ ਗਿਆ ਅਤੇ ਐਚਟੀ ਪੀਐਮ ਗੋਲਡ ਕੌਰਨ ਪੀਜ਼ਾ ਅਤੇ ਇੱਕ ਸੈਸ਼ੇ ਆਰਡਰ ਕੀਤਾ। ਉਸ ਦਾ ਬਿੱਲ 79.75 ਰੁਪਏ ਸੀ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਰੈਸਟੋਰੈਂਟ ਨੇ ਉਸ ਦੇ ਕੈਰੀ ਬੈਗ ਦੇ ਅਲੱਗ ਤੋਂ 12 ਰੁਪਏ ਕੱਟ ਲਏ ਹਨ। ਸ਼ਿਕਾਇਤਕਰਤਾ ਨੇ ਕੈਰੀ ਬੈਗ ਦੇ ਵਸੂਲੇ 12 ਰੁਪਏ ਵਾਪਸ ਕਰਨ ਦੀ ਮੰਗ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ।
ਕਮਿਸ਼ਨ ਨੇ ਜਵਾਬਦੇਹ ਧਿਰ ਨੂੰ ਸ਼ਿਕਾਇਤਕਰਤਾ ਤੋਂ ਵਸੂਲੇ 12 ਰੁਪਏ ਵਾਪਸ ਕਰਨ, ਮਾਨਸਿਕ ਪੀੜਾ ਅਤੇ ਸ਼ੋਸ਼ਣ ਲਈ 1,000 ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਅਤੇ 500 ਰੁਪਏ ਅਦਾਲਤੀ ਖਰਚੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ।