ਬੇਅਦਬੀ ਮਾਮਲਿਆਂ ਨਾਲ ਜੁੜੀ ਵੱਡੀ ਖ਼ਬਰ
ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਨੂੰ ਐਸਆਈਟੀ ਨੇ ਕੀਤਾ ਤਲਬ
ਪੜ੍ਹੋ, ਕਦੋਂ ਪੇਸ਼ ਹੋਣ ਦੇ ਹੋਏ ਹੁਕਮ
ਚੰਡੀਗੜ੍ਹ, 25ਨਵੰਬਰ(ਵਿਸ਼ਵ ਵਾਰਤਾ)-ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ(ਐਸਆਈਟੀ) ਨੇ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਪੁੱਛਗਿੱਛ ਲਈ 26 ਨਵੰਬਰ ਨੂੰ ਲੁਧਿਆਣਾ ਪੁਲੀਸ ਕਮਿਸ਼ਨਰ ਦੇ ਦਫ਼ਤਰ ਵਿੱਚ ਹਾਜ਼ਰ ਹੋਵੇ।
ਗੌਰਤਲਬ ਹੈ ਕਿ ਐਸਆਈਟੀ ਵੱਲੋਂ 8 ਨਵੰਬਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਕੋਲੋਂ ਸੁਨਾਰੀਆ ਜੇਲ੍ਹ ਵਿਖੇ ਪੁੱਛਗਿੱਛ ਕੀਤੀ ਗਈ ਸੀ। ਇਸ ਜਾਂਚ ਵਿੱਚ ਡੇਰਾ ਮੁਖੀ ਨੇ ਸਪੱਸ਼ਟ ਜਵਾਬ ਨਹੀਂ ਦਿੱਤੇ ਸਨ। ਐਸਆਈਟੀ ਵੱਲੋਂ ਕੀਤੇ ਗਏ ਸਵਾਲਾਂ ਦੇ ਬਹੁਤ ਸਾਰੇ ਜਵਾਬਾਂ ਵਿੱਚ ਡੇਰਾ ਮੁਖੀ ਰਾਮ ਰਹੀਮ ਨੇ ਕਿਹਾ ਸੀ ਕਿ ਇਸ ਬਾਰੇ ਡੇਰੇ ਦੀ ਕਮੇਟੀ ਅਤੇ ਚੇਅਰਪਰਸਨ ਹੀ ਦੱਸ ਸਕਦੀ ਹੈ।
ਇਸ ਤੋਂ ਬਾਅਦ ਅਗਲੇਰੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਨੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ 26 ਨਵੰਬਰ ਨੂੰ ਲੁਧਿਆਣਾ ਪੁਲੀਸ ਕਮਿਸ਼ਨਰ ਦੇ ਦਫ਼ਤਰ ਹਾਜ਼ਰ ਹੋਣ ਦੇ ਨਿਰਦੇਸ਼ ਜਾਰੀ ਕੀਤੇ ਹਨ।