ਚੰਡੀਗੜ੍ਹ, 24 ਅਗਸਤ(ਵਿਸ਼ਵ ਵਾਰਤਾ): ਡੇਰਾ ਸੱਚਾ ਸੌਦਾ ਸਿਰਸਾ ਮੁੱਖੀ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਹ ਕੱਲ੍ਹ ਨੂੰ ਹੋਣ ਵਾਲੀ ਪੰਚਕੁਲਾ ਦੀ ਸੀਬੀਆਈ ਅਦਾਲਤ ਵਿੱਚ ਹੋਣ ਵਾਲੀ ਪੇਸ਼ੀ ‘ਤੇ ਜ਼ਰੂਰ ਪਹੁੰਚਣਗੇ। ਉਨ੍ਹਾਂ ਇਹ ਜਾਣਕਾਰੀ ਆਪਣੇ ਟਵੀਟਰ ਰਾਹੀਂ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਹਮੇਸ਼ਾਂ ਕਾਨੂੰਨ ਦਾ ਸਨਮਾਨ ਕੀਤਾ ਹੈ ਤੇ ਉਹ ਇਸ ਦੀ ਪਾਲਣਾ ਕਰਦੇ ਹੋਏ ਕੋਰਟ ਪਹੁੰਚਣਗੇ। ਉਨ੍ਹਾਂ ਇਹ ਵੀ ਲਿਖਿਆ ਕਿ ਉਨ੍ਹਾਂ ਦੀ ਪਿੱਠ ‘ਚ ਦਰਦ ਹੈ ਪਰ ਉਹ ਇਸ ਦੇ ਬਾਵਜੂਦ ਪੰਚਕੁਲਾ ਸੀਬੀਆਈ ਕੋਰਟ ਪਹੁੰਚਣਗੇ। ਦੱਸ ਦਈਏ ਕਿ 25 ਅਗਸਤ ਨੂੰ ਡੇਰਾ ਮੁੱਖੀ ਖਿਲਾਫ਼ ਚੱਲ ਰਹੇ ਸਾਧਵੀ ਨਾਲ ਬਲਾਤਕਾਰ ਮਾਮਲੇ ਦੀ ਸੁਣਵਾਈ ਹੋਣੀ ਹੈ। ਕੋਰਟ ਨੇ 17 ਅਗਸਤ ਨੂੰ ਰਾਮ ਰਹੀਮ ਨੂੰ ਖੁਦ ਕੋਰਟ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।