ਡੇਰਾ ਮੁਖੀ ਦੇ ਸਾਹਮਣੇ ਵਿਆਹ ਕਰਵਾਉਣ ਦੀ ਮੰਗ ਨੂੰ ਲੈ ਕੇ ਪਾਈ ਪਟੀਸ਼ਨ ਹਾਈਕੋਰਟ ਨੇ ਕੀਤੀ ਰੱਦ
ਚੰਡੀਗੜ੍ਹ 1 ਫਰਵਰੀ(ਵਿਸ਼ਵ ਵਾਰਤਾ) – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਸਿਰਸਾ ਅਤੇ ਚੰਡੀਗੜ੍ਹ ਦੇ ਦੋ ਨੌਜਵਾਨਾਂ ਵੱਲੋਂ ਦਾਇਰ ਕੀਤੀ ਗਈ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਹਮਣੇ ਵਿਆਹ ਲਈ ਆਸ਼ੀਰਵਾਦ ਮੰਗਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਵਿੱਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਜੇਲ੍ਹ ਨਿਯਮਾਂ ਤਹਿਤ ਕੈਦੀ ਸਿਰਫ਼ ਆਪਣੇ ਰਿਸ਼ਤੇਦਾਰਾਂ ਨੂੰ ਹੀ ਚਿੱਠੀਆਂ ਲਿਖ ਸਕਦੇ ਹਨ। ਜੇਕਰ ਪਟੀਸ਼ਨਰ ਆਪਣੇ ਵਿਆਹ ਲਈ ਆਸ਼ੀਰਵਾਦ ਲੈਣਾ ਚਾਹੁੰਦਾ ਹੈ ਤਾਂ ਉਹ ਡੇਰਾ ਮੁਖੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਪੱਤਰ ਵਿੱਚ ਆਸ਼ੀਰਵਾਦ ਮੰਗ ਸਕਦੇ ਹਨ। ਵਕੀਲ ਨੇ ਕਿਹਾ ਕਿ ਇਸ ਪਟੀਸ਼ਨ ਦਾ ਕੋਈ ਜਾਇਜ਼ ਆਧਾਰ ਨਹੀਂ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ।
ਪਟੀਸ਼ਨ ਵਿੱਚ ਸਿਰਸਾ ਅਤੇ ਚੰਡੀਗੜ੍ਹ ਦੇ ਦੋ ਨੌਜਵਾਨਾਂ ਨੇ ਦਲੀਲ ਦਿੱਤੀ ਸੀ ਕਿ ਭਾਰਤੀ ਸੰਸਕ੍ਰਿਤੀ ਅਨੁਸਾਰ ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਆਪਣੇ ਜੀਵਨ ਸਾਥੀ ਨੂੰ ਪਵਿੱਤਰ ਗ੍ਰੰਥ ਅਤੇ ਰੱਬ ਦੀ ਮੂਰਤੀ ਨੂੰ ਗਵਾਹ ਮੰਨਦੇ ਹਨ। ਇਸੇ ਤਰ੍ਹਾਂ ਡੇਰੇ ਦੀਆਂ ਰਸਮਾਂ ਅਨੁਸਾਰ ਰਾਮ ਰਹੀਮ ਨੂੰ ਭਗਵਾਨ ਮੰਨਣ ਵਾਲੇ ਉਸ ਦੇ ਆਸ਼ੀਰਵਾਦ ਨਾਲ ਉਸ ਦੇ ਸਾਹਮਣੇ ਵਿਆਹ ਕਰਵਾਉਂਦੇ ਹਨ।
ਉਹਨਾਂ ਨੇ ਰੋਹਤਕ ਜੇਲ੍ਹ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ ਤਾਂ ਜੋ ਉਹ ਡੇਰਾ ਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੇ।ਇਸ ਦੇ ਨਾਲ ਹੀ ਜਿਕਰ ਕਰਨਾ ਬਣਦਾ ਹੈ ਕਿ ਰੋਹਤਕ ਦੀ ਸੁਨਾਰੀਆ ਜੇਲ ‘ਚ ਸਜ਼ਾ ਕੱਟ ਰਿਹਾ ਰਾਮ ਰਹੀਮ 21 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਤਿਸੰਗ ਵਿੱਚ ਉਹ ਕਈ ਨੌਜਵਾਨਾਂ ਦੇ ਵਿਆਹ ਕਰਵਾ ਚੁੱਕੇ ਹਨ।