ਡੀ ਸੀ ਰੰਧਾਵਾ ਵੱਲੋਂ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਸਮੀਖਿਆ ਮੀਟਿੰਗ
ਨਵਾਂਸ਼ਹਿਰ, 25 ਨਵੰਬਰ(ਵਿਸ਼ਵ ਵਾਰਤਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੇਸਹਾਰਾ, ਲੋੜਵੰਦ ਅਤੇ ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆ ਦੀ ਸੁਰੱਖਿਆ ਸਬੰਧੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਜੁਲਾਈ ਤੋਂ ਸਤੰਬਰ ਤੱਕ ਦੀ ਤਿਮਾਹੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਪਿ੍ਰੰਸੀਪਲ ਮੈਜਿਸਟ੍ਰੇਟ, ਜੁਵੇਨਾਇਲ ਜਸਟਿਸ ਬੋਰਡ, ਸ਼ਹੀਦ ਭਗਤ ਸਿੰਘ ਨਗਰ, ਰਾਧਿਕਾ ਪੁਰੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬੇਸਹਾਰਾ, ਲੋੜਵੰਦ ਅਤੇ ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰ ਰਹੀ ਹੈ। ਉਕਤ ਤੋਂ ਇਲਾਵਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਪਿਛਲੀ ਤਿਮਾਹੀ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ ਗਿਆ ਅਤੇ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਦੇ ਸਥਾਈ ਦਫ਼ਤਰੀ ਢਾਂਚੇ ਲਈ ਕਮੇਟੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਰੰਧਾਵਾ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜਿਹੇ ਬੱਚਿਆਂ ਦੀ ਪਹਿਚਾਣ ਕੀਤੀ ਜਾਵੇ ਜੋ ਪੜ੍ਹਾਈ ਦੀ ਉਮਰ ਵਿੱਚ ਸੜਕਾਂ ’ਤੇ ਫਿਰਦੇ ਹਨ ਜਾਂ ਬਾਲ ਮਜ਼ਦੂਰੀ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਮੁੜ ਵਸੇਬੇ ਸਬੰਧੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਖਿਲਾਫ਼ ਜੁਰਮਾਂ, ਬਾਲ ਮਜ਼ਦੂਰੀ ਦੀ ਸ਼ਿਕਾਇਤ ਜਾਂ ਕੋਈ ਮੁਸੀਬਤ ਵਿੱਚ ਫਸਿਆ ਬੱਚਾ ਜਾਂ ਉਨ੍ਹਾਂ ਬਾਰੇ ਸੂਚਨਾ ਰੱਖਦਾ ਸਮਾਜ ਦਾ ਕੋਈ ਵੀ ਜ਼ਿੰਮੇਂਵਾਰ ਵਿਅਕਤੀ ਚਾਈਲਡ ਹੈਲਪਲਾਈਨ ਨੰ.1098 ’ਤੇ ਫ਼ੋਨ ਕਰਕੇ ਵੀ ਮਦਦ ਲੈ ਸਕਦਾ ਹੈ। ਉਨ੍ਹਾਂ ਨੇ ਮੀਟਿੰਗ ’ਚ ਸ਼ਾਮਿਲ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਨੂੰ ਕਿਹਾ ਕਿ ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ ਤਹਿਤ ਬੱਚਿਆਂ ਦੀ ਸਿਹਤ ਦੀ ਜਾਂਚ ਪ੍ਰਕਿ੍ਰਆ ਸਮੇਂ ਅਨੁਸਾਰ ਕੀਤੀ ਜਾਵੇ ਅਤੇ ਸਹੂਲਤਾਂ ਵਿਹੂਣੀਆਂ ਅਬਾਦੀਆਂ (ਸਲਮ ਏਰੀਆ) ਵਿੱਚ ਸਮੇਂ-ਸਮੇਂ ’ਤੇ ਮੈਡੀਕਲ ਕੈਂਪ ਲਗਵਾਏ ਜਾਣ।
ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਕੰਚਨ ਅਰੋੜਾ ਨੂੰ ਹਦਾਇਤ ਕੀਤੀਕਿ ਸਮੇਂ-ਸਮੇਂ ਤੇ ਜ਼ਿਲ੍ਹਾ ਟਾਸਕ ਫ਼ੋਰਸ ਨਾਲ ਮਿਲ ਕੇ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਸਬੰਧੀ ਚੈਕਿੰਗ ਕੀਤੀ ਜਾਵੇ ਅਤੇ ਬੱਚਿਆਂ ਦੇ ਪੁਨਰ ਵਸੇਬੇ ਲਈ ਬਾਕੀ ਸਹਿਕਰਮੀਆਂ ਦੀ ਮਦਦ ਨਾਲ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਨੂੰ ਇਕ ਚੰਗਾ ਨਾਗਰਿਕ ਬਣਾਉਣ ਵਿੱਚ ਕਾਰਜਸ਼ੀਲ ਹੋਣ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਰਾਕੇਸ਼ ਪਾਲ, ਉੱਪ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਵਰਿੰਦਰ ਕੁਮਾਰ, ਚੇਅਰਪਰਸਨ ਬਾਲ ਭਲਾਈ ਕਮੇਟੀ ਸ੍ਰੀਮਤੀ ਸੋਨੀਆ, ਸ਼੍ਰੀਮਤੀ ਜੌਲੀ ਚੰਦੇਲ ਮੈਂਬਰ ਬਾਲ ਭਲਾਈ ਕਮੇਟੀ, ਸ਼ਿਵ ਲਾਲ ਜੈਨ, ਮੈਂਬਰ ਜੁਵੇਨਾਇਲ ਜਸਟਿਸ ਬੋਰਡ, ਜਗਦੀਸ਼ ਮਿੱਤਰ, ਮੈਂਬਰ, ਬਾਲ ਭਲਾਈ ਕਮੇਟੀ, ਮਿਸ ਰੋਹਿਤਾ, ਆਊਟ ਰੀਚ ਵਰਕਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼ਹੀਦ ਭਗਤ ਸਿੰਘ ਨਗਰ ਮੌਜੂਦ ਸਨ।