ਡੀਟੀਐਫ ਨਾਲ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਰੱਦ ਕਰਨ ਤੇ ਅਧਿਆਪਕਾਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ
ਸਿੱਖਿਆ ਮੰਤਰੀ ਦਾ ਫੁਕਿਆ ਪੁਤਲਾ
ਚੰਡੀਗੜ੍ਹ, 25ਮਈ (ਵਿਸ਼ਵ ਵਾਰਤਾ)-ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲਾ ਇਕਾਈ ਫਰੀਦਕੋਟ ਵੱਲੋਂ ਸੂਬਾ ਕਮੇਟੀ ਦੇ ਸੱਦੇ ਉੱਪਰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਜਥੇਬੰਦੀ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਮੀਟਿੰਗਾਂ ਨੂੰ ਰੱਦ ਕਰਨ ਦੇ ਵਿਰੋਧ ਵਿੱਚ ਅੱਜ ਫਰੀਦਕੋਟ ਦੇ ਮਿੰਨੀ ਸਕੱਤਰੇਤ ਅੱਗੇ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਰੋਸ ਰੈਲੀ ਕਰਨ ਉਪਰੰਤ ਸਿੱਖਿਆ ਮੰਤਰੀ ਦੀ ਅਰਥੀ ਫੂਕੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਸੁਖਵਿੰਦਰ ਸਿੰਘ ਸੁੱਖੀ ਅਤੇ ਗਗਨ ਪਾਹਵਾ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਮੀਟਿੰਗਾਂ ਦੇਣ ਤੋਂ ਬਾਅਦ ਰੱਦ ਕਰ ਦਿੱਤੀਆਂ ਜਾਦੀਆਂ ਹਨ ਤੇ ਅਧਿਆਪਕਾਂ ਤੇ ਸਿੱਖਿਆ ਵਿਰੋਧੀ ਫੈਸਲੇ ਲਾਗੂ ਕੀਤੇ ਜਾਂਦੇ ਹਨ। ਜਿਸ ਕਾਰਨ ਪੰਜਾਬ ਦੇ ਅਧਿਆਪਕਾਂ ਵਿੱਚ ਸਿੱਖਿਆ ਮੰਤਰੀ ਪ੍ਰਤੀ ਰੋਸ ਤੇ ਗੁੱਸਾ ਭਰਿਆ ਹੋਇਆ ਹੈ।