ਸ਼ਹੀਦ ਭਗਤ ਸਿੰਘ ਦੇ ਭਰਾ ਕੁਲਬੀਰ ਸਿੰਘ ਦੀ ਪੋਤਰੀ ਨੂੰ ਡਿਪਟੀ ਕਮਿਸ਼ਨਰ ਵੱਲੋਂ ਸੁਤੰਤਰਤਾ ਸੈਨਾਨੀ ਸਰਟੀਫਿਕੇਟ ਪ੍ਰਦਾਨ
ਨਵਾਂਸ਼ਹਿਰ, 23 ਅਕਤੂਬਰ(ਵਿਸ਼ਵ ਵਾਰਤਾ) : -ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਛੋਟੇ ਭਰਾ ਸਵਰਗੀ ਸ. ਕੁਲਬੀਰ ਸਿੰਘ, ਜਿਹੜੇ ਕਿ ਖ਼ੁਦ ਵੀ ਸੁਤੰਤਰਤਾ ਸੈਨਾਨੀ ਸਨ, ਦੀ ਪੋਤਰੀ ਅਨੁਸ਼ ਪਿ੍ਰਆ ਨੂੰ ਸੁਤੰਤਰਤਾ ਸੈਨਾਨੀ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਅਨੁਸ਼ ਪਿ੍ਰਆ ਸ਼ਹੀਦ ਭਗਤ ਸਿੰਘ ਦੇ ਭਤੀਜੇ ਸਵਰਗੀ ਅਭੈ ਸਿੰਘ ਸੰਧੂ ਦੀ ਬੇਟੀ ਹੈ, ਜਿਨਾਂ ਦਾ ਬੀਤੇ ਮਈ ਮਹੀਨੇ ਦਿਹਾਂਤ ਹੋ ਗਿਆ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਨੁਸ਼ ਪਿ੍ਰਆ ਅਤੇ ਉਸ ਦੀ ਮਾਤਾ ਤਜਿੰਦਰ ਕੌਰ ਦਾ ਸਨਮਾਨ ਵੀ ਕੀਤਾ। ਉਨਾਂ ਕਿਹਾ ਕਿ ਮਹਾਨ ਸੁਤੰਤਰਤਾ ਸੈਨਾਨੀਆਂ ਦਾ ਅਸੀਂ ਦੇਣ ਨਹੀਂ ਦੇ ਸਕਦੇ, ਜਿਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈ ਰਹੇ ਹਾਂ। ਉਨਾਂ ਕਿਹਾ ਕਿ ਸਾਨੂੰ ਉਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਉਨਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣੇ ਸੂਬੇ ਅਤੇ ਮੁਲਕ ਦੀ ਖੁਸ਼ਹਾਲੀ ਅਤੇ ਤਰੱਕੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਤਜਿੰਦਰ ਕੌਰ ਵੱਲੋਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੀਵਨ ’ਤੇ ਆਧਾਰਿਤ ਪੁਸਤਕ ਵੀ ਭੇਟ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਜ਼ਿਲਾ ਮਾਲ ਅਫ਼ਸਰ ਅਜੀਤ ਪਾਲ ਸਿੰਘ ਹਾਜ਼ਰ ਸਨ।
ਕੈਪਸ਼ਨਾਂ :
-।