ਡਿਪਟੀ ਕਮਿਸ਼ਨਰ ਵਲੋਂ ਕਪੂਰਥਲਾ ਵਿਖੇ ਚੱਲ ਰਹੇ ਵਿਕਾਸ ਕੰਮਾਂ ਦਾ ਨਿਰੀਖਣ
ਗੁਰੂ ਨਾਨਕ ਸਟੇਡੀਅਮ ਤੇ ਜਿਲ੍ਹਾ ਲਾਇਬ੍ਰੇਰੀ ਦੇ ਨਵੀਨੀਕਰਨ ਸਬੰਧੀ ਕੰਮ ਦਾ ਲਿਆ ਜਾਇਜ਼ਾ
ਕਪੂਰਥਲਾ, 3 ਜੁਲਾਈ: ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਕਪੂਰਥਲਾ ਵਿਖੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਗਿਆ, ਜਿਸ ਤਹਿਤ ਉਨਾਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ , ਗੁਰੂ ਨਾਨਕ ਜਿਲ੍ਹਾ ਲਾਇਬ੍ਰੇਰੀ , ਬਾਬਾ ਦੀਪ ਸਿੰਘ ਨਗਰ ਵਿਖੇ ਸੀਵਰੇਜ਼ ਤੇ ਸੜਕ ਉਸਾਰੀ ਦੇ ਕੰਮ ਦਾ ਮੌਕੇ ’ਤੇ ਜਾ ਕੇ ਨਿਰੀਖਣ ਕੀਤਾ।
ਡਿਪਟੀ ਕਮਿਸ਼ਨਰ ਵਲੋਂ ਖੇਡ ਵਿਭਾਗ, ਐਕਸੀਅਨ ਲੋਕ ਨਿਰਮਾਣ ਤੇ ਪੰਚਾਇਤੀ ਰਾਜ ਸਮੇਤ ਗੁਰੂ ਨਾਨਕ ਸਟੇਡੀਅਮ ਵਿਖੇ ਜਿਮਨੇਜੀਅਮ ਹਾਲ ਦੀ ਮੁਰੰਮਤ, ਬਾਸਕਿਟਬਾਲ ਗਰਾਊਂਡ ਦੇ ਨਵੇਂ ਫਰਸ਼, ਟਰੈੈਕ ਨੇੜੇ ਵਾਟਰ ਸਪਰਿੰਕਲਿੰਗ ਵਿਵਸਥਾ, ਬੈਡਮਿੰਟਨ ਕੋਰਟ ਦੇ ਨਵੀਨੀਕਰਨ ਦਾ ਕੰਮ ਤੇਜੀ ਨਾਲ ਮੁਕੰਮਲ ਕਰਨ ਲਈ ਕਿਹਾ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਗੁਰੂ ਨਾਨਕ ਜਿਲ੍ਹਾ ਲਾਇਬ੍ਰੇਰੀ ਦੀ ਪੁਰਾਣੀ ਇਮਾਰਤ ਦੇ ਨਵੀਨੀਕਰਨ ਦਾ ਚੱਲ ਰਹੇ ਕੰਮ ਸਬੰਧੀ ਲਾਇਬ੍ਰੇਰੀ ਦਾ ਦੌਰਾ ਕੀਤਾ। ਇਸ ਪ੍ਰਸਿੱਧ ਲਾਇਬ੍ਰੇਰੀ ਦੀ ਇਮਾਰਤ ਦੀ ਮੁਰੰਮਤ, ਰੈਂਪ ਆਦਿ ਦਾ ਕੰਮ ਚੱਲ ਰਿਹਾ ਹੈ, ਜਿਸ ਉਪਰ ਲਗਭਗ 14 ਲੱਖ ਰੁਪੈ ਖਰਚ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲਾਇਬ੍ਰੇਰੀ ਵਿਖੇ ਪਏ ਵੱਡਮੁੱਲੇ ਸਾਹਿਤ ਨੂੰ ਆਨਲਾਇਨ ਮੁਹੱਈਆ ਕਰਵਾਉਣ ਸਬੰਧੀ ਵਿਸਥਾਰਤ ਰਿਪੋਰਟ ਪੇਸ਼ ਕਰਨ ਤਾਂ ਜੋ ਲੋਕ ਇਨ੍ਹਾਂ ਨੂੰ ਆਪਣੇ ਮੋਬਾਇਲ ਉੱਪਰ ਵੀ ਪੜ੍ਹ ਸਕਣ।
ਇਸ ਤੋਂ ਇਲਾਵਾ ਉਨ੍ਹਾਂ ਸੀਮਨ ਬੈਂਕ ਤੋਂ ਜਲੰਧਰ-ਕਪੂਰਥਲਾ ਸੜਕ ਤੱਕ ਨਵੀਂ ਬਣਾਈ 1.34 ਕਿਲੋਮੀਟਰ ਸੜਕ ਅਤੇ ਪੀਰ ਚੌਧਰੀ ਰੋਡ ਤੋਂ ਬਾਬਾ ਦੀਪ ਸਿੰਘ ਨਗਰ ਤੱਕ ਬਣੀ 1.25 ਕਿਲੋਮੀਟਰ ਸੜਕ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਬਾਬਾ ਦੀਪ ਸਿੰਘ ਨਗਰ ਵਿਖੇ ਸੀਵਰੇਜ਼ ਅਤੇ ਉੱਥੋਂ ਕਰਤਾਰਪੁਰ ਰੋਡ ਤੱਕ ਸੜਕ ਦੇ ਕੰਮ ਨੂੰ ਮੀਂਹ ਦੇ ਮੌਸਮ ਤੋਂ ਪਹਿਲਾਂ ਮੁਕੰਮਲ ਕਰਨ ਦੀ ਹਦਾਇਤ ਵੀ ਕੀਤੀ।
ਇਸ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਸ੍ਰੀ ਸਰਵਰਾਜ, ਐਕਸੀਅਨ ਪੰਚਾਇਤੀ ਰਾਜ ਸ੍ਰੀਧਰ, ਜਿਲ੍ਹਾ ਖੇਡ ਅਫਸਰ ਪ੍ਰਦੀਪ ਕੁਮਾਰ ਤੇ ਹੋਰ ਹਾਜ਼ਰ ਸਨ।