*ਕਰੋਨਾ ਖਿਲਾਫ ਜੰਗ ਜਿੱਤਣ ਲਈ ਜ਼ਿਲ੍ਹਾ ਵਾਸੀਆਂ ਤੋਂ ਪੂਰੇ ਸਹਿਯੋਗ ਦੀ ਮੰਗ
ਬਰਨਾਲਾ, 14 ਮਈ (ਸੁਰਿੰਦਰ ਗੋਇਲ)-ਜ਼ਿਲ੍ਹ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਤੋਂ ਬਚਾਅ ਲਈ ਮੁਹਿੰਮ ਦੇ ਚਲਦਿਆਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅੱਜ ਪਿੰਡ ਭਗਤਪੁਰਾ ਮੌੜ, ਨੇੜੇ ਕੋਠੇ ਝਾਲ ਵਾਲੇ ਅਤੇ ਉਗੋਕੇ ਵਿਖੇ ਕਿਸਾਨਾਂ ਅਤੇ ਮਗਨਰੇਗਾ ਕਾਮਿਆਂ ਨੂੰ ਮਾਸਕ ਵੰਡੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਕਰੋਨਾ ਵਾਇਸਰ ਤੋਂ ਬਚਾਅ ਲਈ ਮਾਸਕ ਪਾਉਣਾ ਬਹੁਤ ਲਾਜ਼ਮੀ ਹੈ। ਇਸ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਾਇਆ ਜਾਵੇ। ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਮਾਜਿਕ ਦੂਰੀ ਬਣਾ ਕੇ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ, ਇਸ ਲਈ ਕਰੋਨਾ ਵਾਇਰਸ ਵਿਰੁੱਧ ਜੰਗ ਵਿਚ ਉਹ ਵੀ ਪੂਰਾ ਸਹਿਯੋਗ ਦੇਣ। ਇਸ ਮੌਕੇ ਮਗਨਰੇਗਾ ਲੇਬਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ ਅਤੇ ਆਖਿਆ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਜ਼ਿਲ੍ਹਾ ਬਰਨਾਲਾ ਵਿਚ ਕਰੋਨਾ ਵਾਇਰਸ ਕੰਟਰੋਲ ਹੇਠ ਹੈ ਅਤੇ ਨਵੇਂ ਕੇਸ ਨਹੀਂ ਆ ਰਹੇ, ਪਰ ਲੋਕ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਸਾਵਧਾਨੀਆਂ ਦਾ ਖਿਆਲ ਰੱਖਣ ਅਤੇ ਜ਼ਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਨਿਕਲਣ, ਕਿਉਂਕਿ ਜੇਕਰ ਕਰੋਨਾ ਖਿਲਾਫ ਜੰਗ ਜਿੱਤਣੀ ਹੈ ਤਾਂ ਕੁਝ ਹੋਰ ਸਮਾਂ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਪੈਣਗੀਆਂ।