ਡਿਪਟੀ ਕਮਿਸ਼ਨਰ ਪੁਲਿਸ ਵਲੋਂ ਬੁਲੱਟ ਮੋਟਰ ਸਾਈਕਲ ਦੇ ਸਾਈਲੈਂਸਰ ’ਚ ਫੇਰ ਬਦਲ ਕਰਕੇ ਪਟਾਕੇ ਆਦਿ ਚਲਾਉਣ ’ਤੇ ਪਾਬੰਦੀ
ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚਾਈਨਾ ਡੋਰ ’ਤੇ ਵੀ ਪਾਬੰਦੀ ਦੇ ਆਦੇਸ਼ ਜਾਰੀ
ਜਲੰਧਰ,29 ਜੂਨ ( ਵਿਸ਼ਵ ਵਾਰਤਾ/ਅਸ਼ਵਨੀ ਠਾਕੁਰ ) ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਜਗਮੋਹਨ ਸਿੰਘ ਨੇ ਜਾਬਤਾ ਫੌਜ਼ਦਾਰੀ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹਦੂਦ ਅੰਦਰ ਬੁੱਲਟ ਮੋਟਰ ਸਾਈਕਲ ਚਲਾਉਂਦੇ ਸਮੇਂ ਸਾਈਲੈਂਸਰ ਵਿੱਚ ਤਕਨੀਕੀ ਫੇਰ ਬਦਲ ਕਰਵਾ ਕੇ ਪਟਾਕੇ ਆਦਿ ਚਲਾਉਣ ਵਾਲੇ ਵਾਹਨ ਚਾਲਕਾਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਹ ਵੀ ਹੁਕਮ ਜਾਰੀ ਕੀਤਾ ਹੈ ਕਿ ਕੋਈ ਵੀ ਦੁਕਾਨਦਾਰ , ਆਟੋ ਕੰਪਨੀ ਵਲੋਂ ਨਿਰਧਾਰਤ ਕੀਤੇ ਮਾਪਦੰਡਾਂ ਦੇ ਵਿਰੁੱਧ ਤਿਆਰ ਕੀਤੇ ਸਾਈਲੈਂਸਰ ਨਹੀਂ ਵੇਚੇਗਾ ਅਤੇ ਨਾ ਹੀ ਕਿਸੇ ਮਕੈਨਿਕ ਵਲੋਂ ਸਾਈਲੈਂਸਰਾਂ ਵਿੱਚ ਤਕਨੀਕੀ ਫੇਰ ਬਦਲ ਕੀਤੇ ਜਾਣਗੇ। ਇਹ ਹੁਕਮ 30.06.2021 ਤੋਂ 29.08.2021 ਤੱਕ ਲਾਗੂ ਰਹੇਗਾ।
ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਨੇ ਇਕ ਹੋਰ ਹੁਕਮ ਰਾਹੀਂ ਪੁਲਿਸ ਕਮਿਸ਼ਨਰੇਟ ਜਲੰਧਰ ਅਧੀਨ ਪੈਂਦੇ ਥਾਣਿਆਂ ਦੇ ਅਧੀਨ ਇਲਾਕਿਆਂ ਵਿੱਚ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚਾਈਨਾ ਡੋਰ (ਨਾਈਲੋਨ,ਪਲਾਸਟਿਕ ਜਾਂ ਸੰਥੈਟਿਕ ਮਟੀਰੀਅਲ ਨਾਲ ਬਣੀ ਡੋਰ/ਧਾਗਾ ਜਿਸ ਉਪਰ ਸਥੈਂਟਿਕ ਦੀ ਧਾਤੂ ਦੀ ਪਰਤ ਚੜ੍ਹੀ ਹੋਵੇ ਅਤੇ ਪੰਜਾਬ ਸਰਕਾਰ ਦੇ ਮਾਪਦੰਡਾਂ ਦੇ ਅਨੁਕੂਲ ਨਾ ਹੋਵੇ) ਦਾ ਨਿਰਮਾਣ ਕਰਨ, ਵੇਚਣ, ਸਟੋਰ ਕਰਨ ,ਖਰੀਦ ਕਰਨ, ਸਪਲਾਈ ਕਰਨ, ਆਯਾਤ ਕਰਨ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 01.07.2021 ਤੋਂ 31.12.2021 ਤੱਕ ਲਾਗੂ ਰਹੇਗਾ।