ਡਿਪਟੀ ਕਮਿਸ਼ਨਰ ਪੁਲਿਸ ਵਲੋਂ ਆਵਾਜ਼ ਪ੍ਰਦੂਸ਼ਣ ਸਬੰਧੀ ਮਨਾਹੀ ਦੇ ਹੁਕਮ ਜਾਰੀ
ਜਲੰਧਰ, 12 ਸਤੰਬਰ : ਡਿਪਟੀ ਕਮਿਸ਼ਨਰ ਪੁਲਿਸ (ਲਾਅ ਐਂਡ ਆਰਡਰ) ਅੰਕੁਰ ਗੁਪਤਾ ਵਲੋਂ ਮਾਨਯੋਗ ਭਾਰਤ ਦੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਹਿੱਤ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਨਾਂ ਤਹਿਤ ਜਨਤਕ ਸਥਾਨਾਂ ਦੀਆਂ ਸੀਮਾਵਾਂ ’ਤੇ ਪਟਾਖਿਆਂ ਦਾ ਸ਼ੋਰ ਪੱਧਰ ਅਤੇ ਲਾਊਡ ਸਪੀਕਰਾਂ ਦੀ ਆਵਾਜ਼ 10 ਡੀ.ਬੀ. (ਏ) ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਕੋਈ ਵੀ ਵਿਅਕਤੀ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਦੇ ਦਰਮਿਆਨ ਕੋਈ ਢੋਲ ਜਾਂ ਭੋਂਪੂ ਜਾਂ ਆਵਾਜ਼ ਪੈਦਾ ਕਰਨ ਵਾਲਾ ਕੋਈ ਯੰਤਰ ਜਾਂ ਸਾਊਂਡ ਐਂਪਲੀਫਾਇਰ ਦੀ ਵਰਤੋਂ ਨਹੀਂ ਕਰ ਸਕੇਗਾ ਅਤੇ ਨਾ ਹੀ ਹੋਟਲ ਅਤੇ ਮੈਰਿਜ ਪੈਲੇਸਾਂ ਵਿਚ ਡੀ.ਜੇ. ਦੀ ਵਰਤੋਂ ਕੀਤੀ ਜਾ ਸਕੇਗੀ ਸਿਵਾਏ ਜਨਤਕ ਹੰਗਾਮੀ ਹਾਲਾਤ ਦੇ। ਨਿੱਜੀ ਸਾਊਂਡ ਸਿਸਟਮ ਵਾਲਿਆਂ ਵਲੋਂ ਵੀ ਆਪਣੇ ਆਸ-ਪੜੋਸ ਵਿਚ ਸ਼ੋਰ ਦਾ ਪੱਧਰ 7.5 ਡੀ. ਬੀ (ਏ) ਤੋਂ ਵੱਧ ਨਹੀਂ ਰੱਖਿਆ ਜਾ ਸਕੇਗਾ। ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਿਹਾਇਸ਼ੀ ਖੇਤਰ ਵਿੱਚ ਹਾਰਨ ਵਜਾਉਣ ਦੀ ਆਗਿਆ ਨਹੀਂ ਹੋਵੇਗੀ ਅਤੇ ਜੇਕਰ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਸਾਊਂਡ ਸਿਸਟਮ ਦਾ ਸਮਾਨ ਜਬਤ ਕਰ ਲਿਆ ਜਾਵੇਗਾ। ਇਹ ਹੁਕਮ 06.11.2022 ਤੱਕ ਲਾਗੂ ਰਹੇਗਾ।
—————-