ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਬੀ ਡੀ ਸੀ ਬਲੱਡ ਸੈਂਟਰ ਵਿਖੇ ਪਲੇਟਲੈਟਸ ਦੇ ਰੱਖ-ਰਖਾਅ ਅਤੇ ਦਾਨ ਅਤੇ ਸਪਲਾਈ ਦਾ ਜਾਇਜ਼ਾ
ਡੇਂਗੂ ਦੇ ਸੀਜ਼ਨ ’ਚ ਲੋਕਾਂ ਨੂੰ ਵੱਧ ਤੋਂ ਵੱਧ ਪਲੇਟਲੈਟਸ ਦਾਨ ਕਰਨ ਦੀ ਅਪੀਲ
ਨਵਾਂਸ਼ਹਿਰ, 28 ਅਕਤੂਬਰ(ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਜੋ ਕਿ ਸਥਾਨਕ ਬੀ ਡੀ ਸੀ ਬਲੱਡ ਸੈਂਟਰ ਦੇ ਚੇਅਰਮੈਨ ਵੀ ਹਨ, ਨੇ ਅੱਜ ਬਲੱਡ ਸੈਂਟਰ ਦਾ ਅਚਾਨਕ ਦੌਰਾ ਕਰਕੇ ਪਲੇਲੈਟਸ ਦੇ ਰੱਖ-ਰਖਾਅ, ਦਾਨ ਅਤੇ ਸਪਲਾਈ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਮੌਜੂਦ ਪਲੇਟਲੈਟ ਦਾਨ ਕਰਨ ਆਏ ਦਾਨੀਆਂ ਨਾਲ ਗੱਲਬਾਤ ਵੀ ਕੀਤੀ। ਡੀ ਸੀ ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਬੁਖਾਰ ਦਾ ਸੀਜ਼ਨ ਹੋਣ ਕਾਰਨ ਵੱਧ ਤੋਂ ਵੱਧ ਪਲੇਟਲੈਟਸ ਦਾਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇੱਕ ਤੰਦਰੁਸਤ ਵਿਅਕਤੀ ਹਰ 72 ਘੰਟੇ ਬਾਅਦ ਪਲੇਟਲੈਟਸ ਦਾਨ ਕਰ ਸਕਦਾ ਹੈ ਜਦਕਿ ਖੂਨ ਦਾਨ ਕਰਨ ਤੋਂ 28 ਦਿਨ ਬਾਅਦ ਹੀ ਪਲੇਟਲੈਟਸ ਦਾਨ ਕੀਤੇ ਜਾ ਸਕਦੇ ਹਨ।
ਮੌਕੇ ’ਤੇ ਮੌਜੂਦ ਬਲੱਡ ਸੈਂਟਰ ਦੇ ਬਲੱਡ ਟ੍ਰਾਂਸਫ਼ਿੳੂਜ਼ਨ ਅਫ਼ਸਰ ਡਾ. ਅਜੇ ਬੱਗਾ (ਸੇਵਾ ਮੁਕਤ ਸਿਵਲ ਸਰਜਨ) ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਲੋਕਾਂ ਵੱਲੋਂ ਦਾਨ ਕੀਤੇ ਪਲੇਟਲੈਟਸ ਨੂੰ ਸਿਹਤ ਵਿਭਾਗ ਵੱਲੋਂ ਸਿਫ਼ਾਰਸ਼ ਕੀਤੀ ਕੋਲਡ ਚੇਨ ਤਹਿਤ ਸੰਭਾਲਿਆ ਜਾਂਦਾ ਹੈ ਤਾਂ ਜੋ ਇਹ ਖਰਾਬ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਨੂੰ ਪਲੇਟਲੈਟਸ ਦਾਨ ਕਰਨ ਮੌਕੇ ਡੇਢ ਤੋਂ ਦੋ ਘੰਟੇ ਦਾ ਸਮਾਂ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਬਲੱਡ ਸੈਂਟਰ ਵੱਲੋਂ ਪਲੇਟਲੈਟ ਪ੍ਰਾਪਤ ਕਰਨ ਲਈ ਵਰਤੀ ਜਾਂਦੀ ਉੱਚ ਮਿਆਰੀ ਕਿੱਟ ਅਤੇ ਟੈਸਟਿੰਗ ਆਦਿ ’ਤੇ ਲਗਪਗ 8 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ। ਉੁਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਪਲੇਟਲੈਟਸ ਸਿਹਤਮੰਦ ਵਿਅਕਤੀ (ਘੱਟੋ-ਘੱਟ ਦੋ ਲੱਖ ਪਲੈਟਲੈਟਸ ਵਾਲਾ) ਦੇ ਹੋਣ, ਜਿਸ ਲਈ ਸਾਰੇ ਲੋੜੀਂਦੇ ਟੈਸਟ ਜਿਨ੍ਹਾਂ ’ਚ ਐਚ ਆਈ ਵੀ ਤੇ ਹੋਰ ਟੈਸਟ ਸ਼ਾਮਿਲ ਹਨ, ਕਰਨ ਤੋਂ ਬਾਅਦ ਹੀ ਇਸ ਦੀ ਸਪਲਾਈ ਯਕੀਨੀ ਬਣਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਹੁਣ ਤੱਕ 200 ਯੂਨਿਟ ਸਿੰਗਲ ਡੋਨਰ ਪਲੇਟਲੈਟਸ ਬਲੱਡ ਸੈਂਟਰ ਤੋਂ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬਲੱਡ ਸੈਂਟਰ ਦੇ ਏਫੈਰੇਸਿਸ ਯੂਨਿਟ ਦਾ ਦੌਰਾ ਵੀ ਕੀਤਾ ਜਿੱਥੇ ਰੈਡ ਬਲੱਡ ਸੈਲਜ਼, ਪਲਾਜ਼ਮਾ ਅਤੇ ਪਲੇਟਲੈਟਸ ਬਣਾਉਣ ਦਾ ਕੰਮ ਹੁੰਦਾ ਹੈ। ਡਾ. ਬੱਗਾ ਨੇ ਦੱਸਿਆ ਕਿ ਬਲੱਡ ਸੈਂਟਰ ਵਿਖੇ ਸਿਰ ਦੀ ਸੱਟ ਵਾਲੇ ਮਰੀਜ਼ਾਂ ਦੀ ਜ਼ਰੂਰਤ ਲਈ ਪਲਾਜ਼ਮਾ, ਹੀਮੋਗਲੋਬੀਨ ਦੀ ਕਮੀ ਵਾਲੇ ਲੋਕਾਂ ਲਈ ਰੈਡ ਬਲੱਡ ਸੈਲ ਅਤੇ ਡੇਂਗੂ ਮਰੀਜ਼ਾਂ ਦੀ ਜ਼ਰੂਰਤ ਲਈ ਪਲੇਟਲੈਟਸ ਦਿੱਤੇ ਜਾਂਦੇ ਹਨ। ਸਮੁੱਚੇ ਯੂਨਿਟ ਨੂੰ ਨਿਰਵਿਘਨ ਚਲਾਉਣ ਲਈ ਤਿੰਨ ਸੁਪਰਵਾਈਜ਼ਰ ਤਾਇਨਾਤ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਖਿਆ ਕਿ ਭਗਤ ਪੂਰਣ ਸਿੰਘ ਦੀ ਪਾਵਨ ਛੋਹ ਨਾਲ ਆਰੰਭ ਹੋਇਆ ਬੀ ਡੀ ਸੀ ਬਲੱਡ ਸੈਂਟਰ ਭਾਵੇਂ ਮਾਨਵਤਾ ਦੀ ਸੇਵਾ ’ਚ ਪਿਛਲੇ 35 ਸਾਲ ਤੋਂ ਕਾਰਜਸ਼ੀਲ ਹੈ ਪਰ ਸਾਨੂੰ ਇਸ ਗੱਲ ਨੂੰ ਯਕੀਨੀ ਬਣਾਈ ਰੱਖਣਾ ਪਵੇਗਾ ਕਿ ਲੋਕਾਂ ਨੂੰ ਇਸ ਥਾਂ ਤੋਂ ਮਿਲਦੇ ਪਲਾਜ਼ਮਾ, ਆਰ ਬੀ ਸੀ ਤੇ ਪਲੇਟਲੈਟਸ ਦੀ ਸਾਂਭ-ਸੰਭਾਲ ਉੱਚ ਮਿਆਰੀ ਹੋਵੇ ਤਾਂ ਜੋੋ ਉਨ੍ਹਾਂ ਦਾ ਇਸ ਸੰਸਥਾ ’ਚ ਪੂਰਣ ਵਿਸ਼ਵਾਸ਼ ਬਣਿਆ ਰਹੇ।