ਡਿਜੀਟਲ ਮੀਡੀਆ ਐਸੋਸੀਏਸ਼ਨ ਨੇ ਦਿੱਤੀ ਸੀਨੀਅਰ ਪੱਤਰਕਾਰ ਐਨ.ਐੱਸ ਪਰਵਾਨਾ ਨੂੰ ਸ਼ਰਧਾਂਜਲੀ
ਚੰਡੀਗੜ੍ਹ 7 ਜਨਵਰੀ(ਵਿਸ਼ਵ ਵਾਰਤਾ)- ਡਿਜੀਟਲ ਮੀਡੀਆ ਐਸੋਸੀਏਸ਼ਨ ਨੇ ਵੀ ਸੀਨੀਅਰ ਪੱਤਰਕਾਰ ਨਿਰੰਜਨ ਸਿੰਘ ਪਰਵਾਨਾ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਪੱਤਰਕਾਰੀ ਨੂੰ ਉਨ੍ਹਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ।ਇਹ ਦੱਸਣਾ ਬਣਦਾ ਹੈ ਕਿ ਸੀਨੀਅਰ ਪੱਤਰਕਾਰ ਨਿਰੰਜਨ ਸਿੰਘ ਪਰਵਾਨਾ ਦਾ ਅੱਜ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ | 84 ਵਰਿਆਂ ਦੇ ਪ੍ਰਵਾਨਾ ਜੀ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ । ਡਿਜੀਟਲ ਮੀਡੀਆ ਐਸੋਸੀਏਸ਼ਨ ਨੇ ਵੀ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ, ਚੀਫ ਪੈਟਰਨ ਬਲਜੀਤ ਬੱਲੀ , ਸਤਿੰਦਰ ਬੈਂਸ , ਜਰਨਲ ਸਕੱਤਰ ਦਵਿੰਦਰ ਸਿੰਘ ਕੋਹਲੀ, ਵਾਈਸ ਪ੍ਰਧਾਨ ਮਹਾਵੀਰ ਜੈਨ, ਸਕੱਤਰ ਅਤੇ ਖਜ਼ਾਨਚੀ ਪਰਿਮੰਦਰ ਜੱਟਪੁਰੀ ਅਤੇ ਪ੍ਰਸ਼ਾਤ ਸ਼ਰਮਾ ਨੇ ਮੀਟਿੰਗ ਕਰਕੇ ਐਨ. ਐਸ. ਪਰਵਾਨਾ ਜੀ ਦੀ ਪੱਤਰਕਾਰੀ ਪ੍ਰਤੀ ਦੇਣ ਨੂੰ ਯਾਦ ਕੀਤਾ ।
ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ ਨੇ ਕਿਹਾ ਉਨ੍ਹਾਂ ਕੋਲ ਖ਼ਬਰ ਕੱਢਣ ਦੀ ਕਲਾ ਕਾਬਲੇ ਤਾਰੀਫ਼ ਸੀ। ਕਿਵੇਂ ਉਹ ਸਕੱਤਰੇਤ ਦੀਆਂ 8ਵੀਂ ਮੰਜ਼ਿਲ ਤੋਂ ਹਰਿਆਣਾ ਵਿਚ ਅਫਸਰਾਂ ਨੂੰ ਮਿਲਦੇ ਹੋਏ ਪੰਜਾਬ ਸਕੱਤਰੇਤ ਵਿੱਚ ਆਉਂਦੇ, ਹਰ ਅਫਸਰ ਤੱਕ ਉਹ ਆਪਣਾ ਨਿੱਜੀ ਸਬੰਧ ਅਜਿਹਾ ਰਿਸ਼ਤਾ ਬਣਾ ਲੈਂਦੇ ਸਨ।ਬਲਜੀਤ ਬੱਲੀ ਨੇ ਉਨ੍ਹਾਂ ਦੇ ਪੱਤਰਕਾਰੀ ਸਫ਼ਰ ਉਪਰ ਆਪਣੇ ਵਿਚਾਰ ਰੱਖੇ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਠਿੰਡਾ ਦੇ ਰੋਜ਼ਾਨਾ ਰਣਜੀਤ ਅਖਬਾਰ ਤੋ ਪੱਤਰਕਾਰੀ ਦਾ ਸਫ਼ਰ ਸ਼ੁਰੂ ਕੀਤਾ । ਲੰਮਾ ਸਮਾਂ ਹਿੰਦ ਸਮਾਚਾਰ ਗਰੁੱਪ ਲਈ ਪੱਤਰਕਾਰੀ ਕਰਦੇ ਰਹੇ, ਅੱਜ-ਕੱਲ੍ਹ ਅਜੀਤ ਅਖ਼ਬਾਰ ਲਈ ਪੱਤਰਕਾਰ ਸਨ |
ਸਤਿਦਰ ਬੈਂਸ, ਦਵਿੰਦਰ ਸਿੰਘ ਕੋਹਲੀ , ਪਰਮਿੰਦਰ ਜੱਟਪੁਰੀ, ਮਹਾਵੀਰ ਜੈਨ ਅਤੇ ਪ੍ਰਸ਼ਾਤ ਸ਼ਰਮਾ ਨੇ ਵੀ ਆਪਣੇ ਨਿੱਜੀ ਤਜਰਬੇ ਅਤੇ ਪਰਵਾਨਾ ਜੀ ਨਾਲ ਪੱਤਰਕਾਰੀ ਦੇ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸੱਚਮੁੱਚ ਪੱਤਰਕਾਰੀ ਦੇ ਬਾਬਾ ਬੋਹੜ ਸਨ | ਲੰਮੇਰੀ ਉਮਰ ਵੀ ਉਹਨਾਂ ਦੇ ਪੱਤਰਕਾਰੀ ਦੇ ਜਜ਼ਬੇ ਨੂੰ ਰੋਕ ਨਾ ਸਕੀ | ਪੰਜਾਬ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੱਕ ਉਹ ਪੱਤਰਕਾਰੀ ਲਈ ਪੂਰੀ ਤਰਾ ਮੁਸਤੈਦ ਸਨ |
ਆਖਰ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਿਛੜੀ ਆਤਮਾ ਲਈ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ |