ਡਾ.ਬਲਬੀਰ ਸਿੰਘ ਬਣੇ ਪੰਜਾਬ ਦੇ ਨਵੇਂ ਸਿਹਤ ਮੰਤਰੀ
ਹੋਰ ਮੰਤਰੀਆਂ ਦੇ ਵਿਭਾਗਾਂ ਵਿੱਚ ਹੀ ਹੋਇਆ ਫੇਰਬਦਲ
ਚੰਡੀਗੜ੍ਹ 7 ਜਨਵਰੀ(ਵਿਸ਼ਵ ਵਾਰਤਾ) -ਮਾਨ ਕੈਬਨਿਟ ਵਿੱਚ ਨਵੇਂ ਚਿਹਰੇ ਦੀ ਐਂਟਰੀ ਹੋਈ ਹੈ। ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੇ ਅੱਜ ਰਾਜਭਵਨ ਵਿਖੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ। ਇਸ ਸਮੇਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਹਨਾਂ ਨੂੰ ਸਹੁੰ ਚੁਕਾਈ। ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਰਾਜਭਵਨ ਵਿਖੇ ਉਹਨਾਂ ਦੇ ਨਾਲ ਮੌਜੂਦ ਰਹੇ । ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਹੀ ਫੌਜਾ ਸਿੰਘ ਸਰਾਰੀ ਨੇ ਅਸਤੀਫਾ ਦਿੱਤਾ ਸੀ। ਇਸ ਦੇ ਨਾਲ ਹੀ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਵੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡਾ.ਬਲਬੀਰ ਸਿੰਘ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ। ਇਸਤੋਂ ਇਲਾਵਾ ਉਹਨਾਂ ਕੋਲ ਪਰਿਵਾਰ ਭਲਾਈ ਮੰਤਰੀ ਅਤੇ ਮੈਡੀਕਲ ਸਿੱਖਿਆ ਅਤੇ ਸੋਧ ਸੰਬੰਧੀ ਮੰਤਰਾਲਾ ਅਤੇ ਚੋਣਾਂ ਸੰਬੰਧੀ ਮੰਤਰਾਲਾ ਵੀ ਉਹਨਾਂ ਕੋਲ ਹੋਵੇਗਾ। ਇਸਤੋਂ ਇਲਾਵਾ ਚੇਤਨ ਸਿੰਘ ਜੋੜਾਮਾਜਰਾ ਨੂੰ ਉਹ ਸਾਰੇ ਮੰਤਰਾਲੇ ਦਿੱਤੇ ਗਏ ਹਨ ਜੋ ਕਿ ਫੌਜਾ ਸਿੰਘ ਸਰਾਰੀ ਕੋਲ ਸਨ। ਉਹਨਾਂ ਨੂੰ ਫੂਡ ਪ੍ਰੋਸੈਸਿੰਗ, ਹੌਰਟੀਕਲਚਰ,ਡਿਫੈਂਸ ਸਰਵਿਸ ਵੈੱਲਫੇਅਰ ਤੇ ਨਾਲ ਹੀ ਫ੍ਰੀਡਮ ਫਾਈਟਰ ਦਾ ਮਹਿਕਮਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਹਰਜੋਤ ਸਿੰਘ ਬੈਂਸ ਤੋਂ ਜੇਲ੍ਹ ਮਹਿਕਮਾ ਵਾਪਸ ਲੈ ਕੇ ਮੁੱਖ ਮੰਤਰੀ ਭਗਵੰਤ ਨੇ ਖੁਦ ਆਪਣੇ ਕੋਲ ਰੱਖ ਲਿਆ ਹੈ। ਇਸ ਦੇ ਨਾਲ ਹੀ ਉਹਨਾਂ ਤੋਂ ਮਾਈਨਿੰਗ ਮੰਤਰਾਲਾ ਵੀ ਵਾਪਸ ਲੈ ਕੇ ਮੀਤ ਹੇਅਰ ਨੂੰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਰਜੋਤ ਬੈਂਸ ਨੂੰ ਸਿੱਖਿਆ ਨਾਲ ਜੁੜੇ ਸਾਰੇ ਮੰਤਰਾਲੇ ਜਿਵੇਂ ਕਿ ਉੱਚੇਰੀ ਸਿੱਖਿਆ ਅਤੇ ਟੈਕਨੀਕਲ ਐਜੂਕੇਸ਼ਨ ਸੌਂਪੇ ਗਏ ਹਨ।