ਪੰਜਾਬ ਸਰਕਾਰ ਵੱਲੋਂ ਮਾਨਸਿਕ ਰੋਗੀਆਂ ਲਈ ਐਮ.ਆਰ.ਹੋਮਜ਼ ਦੇ ਸੁਧਾਰ ਲਈ 267 ਲੱਖ ਰੁਪਏ ਜ਼ਾਰੀ : ਡਾ.ਬਲਜੀਤ ਕੌਰ
ਚੰਡੀਗੜ੍ਹ, 6 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਰਾਜ ਦੇ ਮਾਨਸਿਕ ਰੋਗੀਆਂ ਲਈ ਲੁਧਿਆਣਾ, ਰਾਜਪੁਰਾ(ਪਟਿਆਲਾ), ਕਪੂਰਥਲਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਚੱਲ ਰਹੇ ਐਮ.ਆਰ.ਹੋਮਜ਼ ਦੇ ਸੁਧਾਰ ਲਈ 267 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਰਾਜ ਵਿੱਚ ਮਾਨਸਿਕ ਰੋਗੀਆਂ ਦੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਲੁਧਿਆਣਾ, ਰਾਜਪੁਰਾ(ਪਟਿਆਲਾ) (ਲੜਕਿਆਂ ਲਈ), ਕਪੂਰਥਲਾ, ਅੰਮ੍ਰਿਤਸਰ ਸਾਹਿਬ (ਲੜਕੀਆਂ ਲਈ) ਮਾਨਸਿਕ ਰੋਗੀ ਘਰਾਂ ਵਿੱਚ ਸੁਧਾਰ ਕਰਨ ਲਈ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਰਾਜ ਵਿੱਚ ਚੱਲ ਰਹੇ ਮਾਨਸਿਕ ਰੋਗੀਆਂ ਲਈ 04 ਐਮ.ਆਰ.ਹੋਮਜ਼ ਦੀ ਅਪਡੇਸ਼ਨ ਕੀਤੀ ਜਾ ਰਹੀ ਹੈ, ਜਿਸ ‘ਤੇ 267 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹਨਾਂ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣਾ ਯਕੀਨੀ ਬਣਾਇਆ ਜਾਵੇ।