ਡਾ. ਗੁਰਚਰਨ ਕੌਰ ਕੋਚਰ ਅਤੇ ਮਨਜੀਤ ਰਾਏ ‘ਕੇਵਲ ਵਿੱਗ ਐਵਾਰਡ-2022’ ਨਾਲ ਸਨਮਾਨਿਤ
ਜਲੰਧਰ, 6 ਦਸੰਬਰ (ਵਿਸ਼ਵ ਵਾਰਤਾ )ਪੰਜਾਬੀ ਦੀ ਪ੍ਰਸਿੱਧ ਸ਼ਾਇਰਾ ਡਾ. ਗੁਰਚਰਨ ਕੌਰ ਕੋਚਰ ਅਤੇ ਪ੍ਰਵਾਸੀ ਵਾਰਤਕ ਲਿਖਾਰੀ ਮਨਜੀਤ ਰਾਏ (ਯੂ.ਐਸ.ਏ.) ਦਾ ‘ਕੇਵਲ ਵਿੱਗ ਐਵਾਰਡ-2022’ ਬਤੌਰ ਸਰਵੋਤਮ ਸ਼ਾਇਰਾ ਅਤੇ ਸਰਵੋਤਮ ਲੇਖਿਕਾ ਦੇ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਸਾਹਿਤ ਪ੍ਰੇਮੀ ਅਤੇ ਪ੍ਰਮੁੱਖ ਪੱਤਰਕਾਰ, ਸੰਪਾਦਕ ਸ੍ਰੀ ਕੇਵਲ ਵਿੱਗ ਦੀ 30ਵੀਂ ਬਰਸੀ ਦੇ ਅਵਸਰ ’ਤੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਆਯੋਜਿਤ ਇਕ ਸਮਾਰੋਹ ਵਿਚ ਇਹ ਐਵਾਰਡ ਪ੍ਰਦਾਨ ਕੀਤੇ ਗਏ। ਸਮਾਰੋਹ ਦੀ ਸ਼ੁਰੂਆਤ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਗਈ। ਭਾਈ ਹਰਜਿੰਦਰ ਸਿੰਘ, ਰਣਜੀਤ ਸਿੰਘ, ਅਮਿਤ ਅਤੇ ਰਿਹਾਨਾ ਭੱਟੀ ਨੇ ਧਾਰਮਿਕ ਤੇ ਸਾਹਿਤਕ ਗੀਤਾਂ ਦੀ ਪੇਸ਼ਕਾਰੀ ਕੀਤੀ। ਗ਼ਜ਼ਲ ਗਾਇਕ ਸੁਨੀਲ ਕੁਮਾਰ ਸ਼ਰਮਾ, ਅਕਸ਼ੈ ਭਾਟੀਆ ਅਤੇ ਸੁਰਿੰਦਰ ਗੁਲਸ਼ਨ ਨੇ ਡਾ. ਗੁਰਚਰਨ ਕੌਰ ਕੋਚਰ ਦੀਆਂ ਗ਼ਜ਼ਲਾਂ ਦਾ ਬਾਖ਼ੂਬੀ ਗਾਇਨ ਕਰਕੇ ਹਾਜ਼ਰੀਨ ਨੂੰ ਮੰਤਰਮੁਗਧ ਕਰ ਦਿੱਤਾ।
ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਆਈ.ਜੀ. ਅਤੇ ਅੰਮਿ੍ਰਤਸਰ ਨੌਰਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸੰਬੋਧਨ ਵਿਚ ਸਵਰਗੀ ਸ੍ਰੀ ਕੇਵਲ ਵਿੱਗ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਪੱਤਰਕਾਰਤਾ ਦੇ ਖੇਤਰ ਵਿਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਨੇ ਆਪਣੀ ਕਲਮ ਰਾਹੀਂ ਸਮਾਜ ਨੂੰ ਚੰਗੀ ਸੇਧ ਦਿੱਤੀ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਈਲੈਟਸ ਕਰਕੇ ਨੌਜਵਾਨਾਂ ਦੇ ਵਿਦੇਸ਼ਾਂ ਦੇ ਰੁਝਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮਾਤ-ਭਾਸ਼ਾ ਨਾਲ ਵੀ ਜੀਵਨ ਦੇ ਟੀਚੇ ਹਾਸਿਲ ਕੀਤੇ ਜਾ ਸਕਦੇ ਹਨ, ਦਿ੍ੜ੍ਹ ਸੰਕਲਪ ਦੀ ਹੀ ਸਿਰਫ਼ ਲੋੜ ਹੈ, ਹੁਣ ਆਈ.ਏ.ਐਸ., ਆਈ.ਪੀ.ਐਸ. ਆਦਿ ਖੇਤਰੀ ਭਾਸ਼ਾਵਾਂ ਨਾਲ ਹੀ ਬਣਿਆ ਜਾ ਸਕਦਾ ਹੈ।
ਸਾਬਕਾ ਰਾਜਦੂਤ ਸ੍ਰੀ ਰਮੇਸ਼ ਚੰਦਰ ਨੇ ਸ੍ਰੀ ਕੇਵਲ ਵਿੱਗ ਨੂੰ ਦੂਰ-ਅੰਦੇਸ਼ ਪੱਤਰਕਾਰ ਦੱਸਦਿਆਂ ਕਿਹਾ ਕਿ ਇਸ ਐਵਾਰਡ ਨੇ ਸਾਹਿਤਕ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਸਥਾਪਿਤ ਕੀਤੀ ਹੋਈ ਹੈ। ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਆਗੂ ਸਤਨਾਮ ਬਿੱਟਾ, ਜੋ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਹਾਜ਼ਿਰ ਸਨ, ਨੇ ਕਿਹਾ ਕਿ ਕੇਵਲ ਵਿੱਗ ਇਕ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਦੀ ਬਰਸੀ ਹਰ ਸਾਲ ਐਵਾਰਡ ਸਮਾਗਮ ਦੇ ਤੌਰ ’ਤੇ ਮਨਾਈ ਜਾਂਦੀ ਹੈ। ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ, ਡਾ. ਜਗਦੀਸ਼ ਚੰਦਰ ਜੋਸ਼ੀ ਪਿ੍ਰੰਸੀਪਲ ਰਿਟਾਇਰਡ, ਓਮ ਪ੍ਰਕਾਸ਼ ਖੇਮਕਰਨੀ ਸਾਬਕਾ ਮੈਂਬਰ ਪ੍ਰੈਸਸ ਕੌਂਸਲ ਆਫ਼ ਇੰਡੀਆ, ਜਸਪਾਲ ਸਿੰਘ ਕਪੂਰ ਸਾਬਕਾ ਕੌਂਸਲਰ, ਰਾਜਿੰਦਰ ਗਿੱਲ ਪ੍ਰਧਾਨ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਅਤੇ ਕਮਲ ਸਹਿਗਲ, ਸਾਬਕਾ ਜਿਲ੍ਹਾ ਪ੍ਰਧਾਨ, ਯੂਥ ਕਾਂਗਰਸ ਪ੍ਰਧਾਨਗੀ ਮੰਡਲ ਵਿਚ ਹਾਜ਼ਿਰ ਸਨ।
ਕੇਵਲ ਵਿੱਗ ਫਾੳੂਂਡੇਸ਼ਨ ਦੇ ਮੁੱਖੀ ਜਤਿੰਦਰ ਮੋਹਨ ਵਿੱਗ ਨੇ ਸਭ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਹੁਣ ਤਕ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਲਿਖਾਰੀਆਂ ਦੀ ਗਿਣਤੀ 61 ਹੋ ਗਈ ਹੈ। ਇਸ ਮੌਕੇ ’ਤੇ ਸ਼ਹਿਰ ਦੇ ਪ੍ਰਮੁੱਖ ਬੁੱਧੀਜੀਵੀ, ਵਕੀਲ, ਪੱਤਰਕਾਰ, ਅਧਿਆਪਕ, ਪ੍ਰੋਫੈਸਰ, ਪਿ੍ਰੰਸੀਪਲ, ਡਾਕਟਰ ਤੇ ਪਾਰਟੀਆਂ ਦੇ ਆਗੂ ਹਾਜ਼ਿਰ ਸਨ।
ਫੋਟੋ ਕੈਪਸ਼ਨ : ਡਾ. ਗੁਰਚਰਨ ਕੌਰ ਕੋਚਰ ਅਤੇ ਮਨਜੀਤ ਰਾਏ (ਯੂ.ਐਸ.ਏ.) ਨੂੰ ‘ਕੇਵਲ ਵਿੱਗ ਐਵਾਰਡ-2022’ ਦੇ ਕੇ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ, ਰਮੇਸ਼ ਚੰਦਰ, ਸਤਨਾਮ ਬਿੱਟਾ, ਰਾਜਿੰਦਰ ਗਿੱਲ, ਸ਼੍ਰੀਮਤੀ ਕ੍ਰਿਸ਼ਨਾ ਰਿਹਾਨ, ਸ਼੍ਰੀਮਤੀ ਸੋਨੀਆ ਵਿੱਗ, ਜਤਿੰਦਰ ਮੋਹਨ ਵਿੱਗ ਤੇ ਹੋਰ ਪਤਵੰਤੇ।