ਡਾਃ ਮਹਿੰਦਰ ਸਿੰਘ ਰੰਧਾਵਾ ਸਾਹਿਤ ਕਲਾ,ਵਿਗਿਆਨ ਤੇ ਲੋਕ ਪ੍ਰਸ਼ਾਸਨ ਦੀ ਤ੍ਰੈਮੂਰਤੀ ਸਨ-ਗੁਰਭਜਨ ਗਿੱਲ
ਲੁਧਿਆਣਾਃ 4ਮਾਰਚ(ਵਿਸ਼ਵ ਵਾਰਤਾ)-ਡਾਃ ਮਹਿੰਦਰ ਸਿੰਘ ਰੰਧਾਵਾ ਸਾਹਿਤ ਕਲਾ,ਵਿਗਿਆਨ ਤੇ ਲੋਕ ਪ੍ਰਸ਼ਾਸਨ ਦੀ ਤ੍ਰੈਮੂਰਤੀ ਸਨ। ਉਨ੍ਹਾਂ ਦੇਸ਼ ਵੰਡ ਮਗਰੋਂ ਜਿਸ ਸ਼ਕਤੀ ਨਾਲ ਰਾਵੀ ਪਾਰੇਂ ਉੱਜੜ ਕੇ ਆਏ ਪੰਜਾਬੀਆਂ ਨੂੰ ਏਧਰ ਮੁੜ ਵਸੇਬਾ ਕਰਵਾਇਆ, ਪੰਜਾਬ ਦੀ ਮੁਰੱਬੇਬੰਦੀ ਕਰਵਾਈ, ਖੇਤੀਬਾੜੀ ਤੇ ਪੇਂਡੂ ਵਿਕਾਸ ਨੂੰ ਦਿਸ਼ਾ ਨਿਰਦੇਸ਼ ਦਿੱਤਾ, ਸਾਹਿੱਤ ਸਭਿਆਚਾਰ ਦੀ ਸੇਵਾ ਸੰਭਾਲ ਨੂੰ ਮਿਸ਼ਨ ਵਾਂਗ ਅਪਣਾਇਆ, ਉਹ ਆਪਣੇ ਆਪ ਵਿੱਚ ਮਿਸਾਲ ਹੈ।
ਡਾਃ ਮ ਸ ਰੰਧਾਵਾ ਦੀ 38ਵੀਂ ਬਰਸੀ ਮੌਕੇ ਉਨ੍ਹਾਂ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਿਸ ਸਮਰਪਿਤ ਭਾਵਨਾ ਨਾਲ ਉਹ ਵੱਡੇ ਵੱਡੇ ਫ਼ੈਸਲੇ ਪਲਾਂ ਵਿੱਚ ਕਰਕੇ ਸੰਪੂਰਨ ਕਰ ਲੈਂਦੇ ਹਨ, ਉਸ ਦੀ ਮਿਸਾਲ ਲੱਭਣੀ ਆਸਾਨ ਨਹੀਂ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਹੋਣ ਵੇਲੇ ਉਹ ਲੁਧਿਆਣਾ ਵਿੱਚ ਪੰਜਾਬੀ ਭਵਨ ਦਾ ਨਿਰਮਾਣ ਕਰਵਾ ਗਏ। ਮੈਨੂੰ ਉਨ੍ਹਾਂ ਦੀ ਪ੍ਰਧਾਨਗੀ ਹੇਠ 1984 ਤੋਂ ਤਿੰਨ ਮਾਰਚ 1986 ਤੀਕ ਕੰਮ ਕਰਨ ਦਾ ਸੁਭਾਗਾ ਮੌਕਾ ਮਿਲਿਆ। ਉਨ੍ਹਾਂ ਕੋਲ ਸਿਖਾਉਣ ਲਈ ਬਹੁਤ ਕੁਝ ਸੀ।
ਪ੍ਰੋਃ ਗਿੱਲ ਨੇ ਕਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਵੀ ਲੁਧਿਆਣਾ ਵਿੱਚ ਨਾ ਹੁੰਦੀ ਜੇਕਰ ਡਾਃ ਰੰਧਾਵਾ ਉਸ ਵੇਲੇ ਦੀ ਸਃ ਪਰਤਾਪ ਸਿੰਘ ਕੈਰੋਂ ਸਰਕਾਰ ਨੂੰ ਸਹੀ ਸਲਾਹ ਸਮੇਂ ਸਿਰ ਨਾ ਦਿੰਦੇ। ਇਸ ਦੇ ਦੂਜੇ ਵਾਈਸ ਚਾਂਸਲਰ ਵਜੋਂ ਇਸ ਯੂਨੀਵਰਸਿਟੀ ਨੂੰ ਸਾਹਿੱਤ, ਕਲਾ ਤੇ ਸੱਭਿਆਚਾਰ ਦਾ ਕੇਂਦਰ ਵੀ ਬਣਾਇਆ।
ਲੁਧਿਆਣਾ ਵਿੱਚ ਕਲਾ ਸਰਗਰਮੀਆਂ ਨੂੰ ਹੁਲਾਰਾ ਦੇਣ ਵਿੱਚ ਉਨਾਂ ਸਥਾਨਕ ਵਿਦਿਅਕ ਸੰਸਥਾਵਾਂ ਨੂੰ ਵੀ ਉਤਸ਼ਾਹਿਤ ਕੀਤਾ।