ਡਵੀਜ਼ਨਲ ਕਮਿਸ਼ਨਰ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਦੋ ਸਾਲ ਤੋਂ ਵੱਧ ਬਕਾਇਆ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਆਦੇਸ਼
ਰਾਜ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਆਮ ਲੋਕਾਂ ਨੂੰ ਕੈਂਪ ਲਗਾ ਕੀਤਾ ਜਾਵੇ ਜਾਗਰੂਕ-ਚੰਦਰ ਗੈਂਦ
ਮਾਨਸਾ, 23 ਫਰਵਰੀ(ਵਿਸ਼ਵ ਵਾਰਤਾ)- ਡਵੀਜ਼ਨਲ ਕਮਿਸ਼ਨਰ ਫਰੀਦਕੋਟ ਸ੍ਰੀ ਚੰਦਰ ਗੈਂਦ ਨੇ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਰਿਕਵਰੀ ਕੇਸਾਂ, ਨਿਸ਼ਾਨਦੇਹੀ, ਤਕਸੀਮ ਕੇਸਾਂ, ਸਟੈਂਪ ਐਕਟ ਆਦਿ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਬੇਲੋੜੀ ਲਾਪ੍ਰਵਾਹੀ ਜਾਂ ਦੇਰੀ ਨਾ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਦੋ ਸਾਲ ਤੋਂ ਵੱਧ ਬਕਾਇਆ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਬਲਦੀਪ ਕੌਰ ਵੀ ਮੌਜੂਦ ਸਨ।
ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਵੱਖ-ਵੱਖ ਸਬ ਡਵੀਜ਼ਨਾਂ ਦੇ ਰਿਕਾਰਡ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਅਤੇ ਜ਼ਿਲ੍ਹੇ ਦੇ ਸਮੁੱਚੇ ਰੈਵਨਿਊ ਕਾਰਜ਼ਾਂ ’ਤੇ ਜਿੱਥੇ ਸੰਤੁਸ਼ਟੀ ਪ੍ਰਗਟਾਈ, ਉਥੇ ਅਧਿਕਾਰੀਆਂ ਨੂੰ ਭਵਿੱਖ ਅੰਦਰ ਲੋਕਾਂ ਦੇ ਕੰਮਾਂ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਉੱਦਮ ਸਦਕਾ ਪਿੰਡ ਪੱਧਰ ’ਤੇ ਲਗਾਏ ਜਾ ਰਹੇ ਜਨ-ਸੁਵਿਧਾ ਕੈਂਪਾਂ ਰਾਹੀ ਲੋਕ ਮਸਲਿਆ ਦਾ ਪਹਿਲਕਦਮੀ ਨਾਲ ਨਿਪਟਾਰਾ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਸ੍ਰੀ ਚੰਦਰ ਗੈਂਦ ਨੇ ਅਸਲਾ ਬਰਾਂਚ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਨਵਾਂ ਅਸਲਾ ਲਾਇਸੰਸ ਬਣਾਉਣ ਜਾਂ ਪੁਰਾਣੇ ਲਾਇਸੰਸ ਨੂੰ ਨਵਿਆਉਣ ਵਾਲੇ ਬਿਨੈਕਾਰ ਤੋਂ ਫਾਇਲ ਜਮ੍ਹਾ ਕਰਵਾਉਣ ਸਮੇਂ ਘੱਟੋ ਘੱਟ 5 ਰੁੱਖ ਲਗਾਉਣ ਦੀ ਸੈਲਫੀ ਲੈਣੀ ਲਾਜ਼ਮੀ ਕੀਤੀ ਜਾਵੇ। ਉਨ੍ਹਾਂ ਸਮੂਹ ਐਸ.ਡੀ.ਐਮ ਆਪਣੇ ਪੱਧਰ ’ਤੇ ਸਮੇਂ ਸਮੇਂ ਰਜਿਸਟਰੀਆਂ ਸਮੇਤ ਮਾਲ ਵਿਭਾਗ ਦੇ ਸਮੁੱਚੇ ਰਿਕਾਰਡ ਦੀ ਪੜ੍ਹਤਾਲ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਾਨਸਾ ਨੂੰ ਬੇਟੀ ਬਚਾਉ ਬੇਟੀ ਪੜ੍ਹਾਓ ਮੁਹਿੰਮ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਸ਼ਹਿਰ ਦੇ ਵੱਖ-ਵੱਖ ਚੌਂਕਾਂ ਅੰਦਰ ਫਲੈਕਸ ਬੋਰਡ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹੇ ਦੇ ਆਈਲਟਸ ਸੈਂਟਰਾਂ ਅਤੇ ਇੰਮੀਗਰੇਸ਼ਨ ਸੈਂਟਰਾਂ ਦਾ ਸਮੇਂ ਸਮੇਂ ਨਿਰੀਖਣ ਕਰਨ ਲਈ ਕਿਹਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ.ਬੈਨਿਥ, ਐਸ.ਡੀ.ਐਮ ਬੁਢਲਾਡਾ ਅਤੇ ਵਾਧੂ ਚਾਰਜ਼ ਮਾਨਸਾ ਪ੍ਰਮੋਦ ਸਿੰਗਲਾ, ਐਸ.ਡੀ.ਐਮ ਸਰਦੂਲਗੜ੍ਹ ਪੂਨਮ ਸਿੰਘ, ਸਹਾਇਕ ਕਮਿਸ਼ਨਰ (ਜ) ਹਰਜਿੰਦਰ ਸਿੰਘ ਜੱਸਲ, ਜਿਲ਼੍ਹਾ ਮਾਲ ਅਫਸ਼ਰ ਸੁਖਰਾਜ ਸਿੰਘ ਢਿੱਲੋਂ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।