ਡਰੱਗ ਰੈਕੇਟ ਨਾਲ ਜੁੜੇ ਅਪਰਾਧੀਆਂ ਦੀ ਹੁਣ ਨਹੀਂ ਹੋਵੇਗੀ ਬਹੁਤੀ ਦੇਰ ਖੈਰ
ਤਿੰਨ ਸਾਲਾਂ ਤੋਂ ਬੰਦ ਪਈ ਰਿਪੋਰਟ ਖੋਲ੍ਹਣ ਲਈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਚੰਡੀਗੜ੍ਹ,6 ਅਗਸਤ(ਵਿਸ਼ਵ ਵਾਰਤਾ) ਪੰਜਾਬ ਦੇ ਨਸ਼ਿਆਂ ਨਾਲ ਜੁੜੇ ਅਪਰਾਧੀਆਂ ਦੀ ਹੁਣ ਬਹੁਤਾ ਦੇਰ ਖੈਰ ਨਹੀਂ ਹੋਵੇਗੀ। ਐਡਵੋਕੇਟ ਨਵਕਿਰਨ ਸਿੰਘ ਵੱਲੋਂ ਪੰਜਾਬ ਦੇ 6000 ਹਜ਼ਾਰ ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿੱਚ ਮਈ 2018 ਵਿੱਚ ਹਾਈ ਕੋਰਟ ਵਿੱਚ ਪੇਸ਼ ਕੀਤੀ ਸੀਲਬੰਦ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਵਾਲੀ ਅਰਜ਼ੀ ਉੱਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਐਸ.ਟੀ.ਐਫ. ਨੇ ਆਪਣੀ ਜਾਂਚ ਰਿਪੋਰਟ ਵਿੱਚ ਕਈ ਵੱਡੇ ਸਿਆਸੀ ਲੀਡਰਾਂ ਦਾ ਨਾਮ ਸਾਹਮਣੇ ਆਉਣ ‘ਤੇ ਇਸ ਰਿਪੋਰਟ ਤੇ ਟਿੱਪਣੀ ਕੀਤੀ ਸੀ। ਇਸ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। ਮਈ 2018 ਵਿੱਚ ਪੰਜਾਬ ਦੇ ਤਤਕਾਲੀ ਗ੍ਰਹਿ ਸਕੱਤਰ ਅਤੇ ਡੀ.ਜੀ.ਪੀ. ਨੇ ਇਸ ‘ਤੇ ਰਾਏ ਦਿੰਦੇ ਹੋਏ, ਐਡਵੋਕੇਟ ਜਨਰਲ ਰਾਹੀਂ ਹਾਈ ਕੋਰਟ ਨੂੰ ਸੀਲਬੰਦ ਰਿਪੋਰਟ ਸੌਂਪੀ ਸੀ, ਉਦੋਂ ਤੋਂ ਇਹ ਰਿਪੋਰਟ ਬੰਦ ਪਈ ਹੈ। ਹੁਣ ਹਾਈਕੋਰਟ ਤੋਂ ਐਡਵੋਕੇਟ ਨਵਕਿਰਨ ਸਿੰਘ ਨੇ ਇਸ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਕੀਤੀ ਸੀ। ਇਸ ਅਰਜ਼ੀ ‘ਤੇ ਅੱਜ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।