ਡਰੱਗ ਮਾਮਲਾ- ਬਿਕਰਮ ਮਜੀਠੀਆ ਦੀ SIT ਅੱਗੇ ਪੇਸ਼ੀ ਅੱਜ
ਚੰਡੀਗੜ੍ਹ,6ਮਾਰਚ(ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਨਾਲ ਸਬੰਧਤ ਮਾਮਲੇ ਵਿਚ ਮੁੜ ਸੰਮਨ ਜਾਰੀ ਕੀਤਾ ਹੈ। ਐਸਆਈਟੀ ਨੇ ਮਜੀਠੀਆ ਨੂੰ ਅੱਜ 6 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਉਨ੍ਹਾਂ ਨੂੰ ਸਵੇਰੇ 11 ਵਜੇ ਪਟਿਆਲਾ ਪੁਲਿਸ ਲਾਈਨ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਦੌਰਾਨ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਟੀਮ ਉਨ੍ਹਾਂ ਤੋਂ ਸਵਾਲ-ਜਵਾਬ ਕਰੇਗੀ। ਟੀਮ ਦੇ ਮੈਂਬਰਾਂ ਵਿਚ ਐਸਐਸਪੀ ਪਟਿਆਲਾ ਵਰੁਣ ਸ਼ਰਮਾ, ਐਸਪੀ (ਡੀ) ਯੋਗੇਸ਼ ਸ਼ਰਮਾ ਅਤੇ ਡੀਐਸਪੀ ਜਸਵਿੰਦਰ ਟਿਵਾਣਾ ਸ਼ਾਮਲ ਹਨ, ਜੋ ਉਹਨਾਂ ਤੋਂ ਪੁੱਛਗਿੱਛ ਕਰਨਗੇ। ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਵਿਰੁੱਧ ਇਹ ਕੇਸ 20 ਦਸੰਬਰ 2021 ਨੂੰ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਠੀਕ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਦਰਜ ਕੀਤਾ ਗਿਆ ਸੀ। ਹਾਲਾਂਕਿ, ਮਜੀਠੀਆ ਨੇ ਇਸ ਕੇਸ ਵਿੱਚ ਕਾਨੂੰਨੀ ਲੜਾਈ ਲੜੀ ਸੀ ਅਤੇ ਅੰਮ੍ਰਿਤਸਰ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ। ਇਸ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ। ਉਸ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ। ਦੱਸਣਯੋਗ ਹੈ ਕਿ SIT ਪਹਿਲਾਂ ਹੀ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕਰ ਚੁੱਕੀ ਹੈ। ਪਹਿਲਾਂ ਇਹ ਐਸਆਈਟੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਿੱਚ ਕੰਮ ਕਰ ਰਹੀ ਸੀ ਪਰ ਉਹ 31 ਦਸੰਬਰ ਨੂੰ ਸੇਵਾਮੁਕਤ ਹੋ ਗਏ ਸਨ। ਇਸ ਤੋਂ ਬਾਅਦ ਨਵੀਂ ਐਸਆਈਟੀ ਬਣਾਈ ਗਈ ਸੀ। ਫਿਰ ਇਸ ਦੀ ਅਗਵਾਈ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਦਿੱਤੀ ਗਈ। ਇਸ ਤੋਂ ਪਹਿਲਾਂ SIT ਨੇ ਮਜੀਠੀਆ ਨਾਲ ਜੁੜੇ ਚਾਰ ਲੋਕਾਂ ਤੋਂ ਪੁੱਛਗਿੱਛ ਕੀਤੀ ਸੀ। ਗੌਰਤਲਬ ਹੈ ਕਿ ਮਜੀਠੀਆ ਨੂੰ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਵੀ ਐਸਆਈਟੀ ਨੇ ਪੁੱਛਗਿੱਛ ਲਈ ਤਲਬ ਕੀਤਾ ਸੀ ਪਰ ਉਸ ਸਮੇਂ ਕਿਸਾਨਾਂ ਅੰਦੋਲਨ ਕਾਰਨ ਪੁਲਿਸ ਸ਼ੰਭੂ ਬਾਰਡਰ ‘ਤੇ ਤਾਇਨਾਤ ਸੀ। ਸਾਰੇ ਅਧਿਕਾਰੀ ਅਤੇ ਕਰਮਚਾਰੀ ਬਾਰਡਰ ਦੀ ਨਿਗਰਾਨੀ ਕਰ ਰਹੇ ਸਨ। ਉਸ ਸਮੇਂ ਜਾਂਚ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਮਜੀਠੀਆ ਨੂੰ ਅੱਜ ਦੁਬਾਰਾ ਪੁੱਛਗਿੱਚ ਲਈ ਬੁਲਾਇਆ ਗਿਆ ਹੈ।