ਚੰਡੀਗੜ, 3 ਨਵੰਬਰ (ਵਿਸ਼ਵ ਵਾਰਤਾ) – ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਸ ਇੱਕ ਸੁਰਤਾ ਅਤੇ ਤਰੀਕੇ ਨਾਲ ਦੋਨੋ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗਠਜੋੜ ਮੈਨੂੰ ਸੰਮਨ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਹਮਲਾ ਕਰ ਰਹੀਆਂ ਹਨ, ਉਹਨਾਂ ਦੇ ਦੋਸਤਾਨਾ ਚਰਿੱਤਰ ਅਤੇ ਡੂੰਘੀ ਗੰਢ ਤੁੱਪ ਦਾ ਖੁਲਾਸਾ ਹੋਇਆ ਹੈ।
ਖਹਿਰਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਦੋਨੋਂ ਰਵਾਇਤੀ ਪਾਰਟੀਆਂ ਨੇ ਆਪਣੇ ਲੀਡਰਾਂ ਦੇ ਸ਼ਰੇਆਮ ਭ੍ਰਿਸ਼ਟਾਚਾਰ ਅਤੇ ਡਰੱਗਸ ਵਿੱਚ ਸ਼ਮੂਲੀਅਤ ਦਾ ਕਦੇ ਵੀ ਇੱਕ ਦੂਸਰੇ ਦਾ ਵਿਰੋਧ ਨਹੀਂ ਕੀਤਾ। ਖਹਿਰਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੇ ਕਦੇ ਵੀ ਦਾਗੀ ਭ੍ਰਿਸ਼ਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਬਹੁਚਰਚਿਤ ਰੇਤ ਖੱਡਾਂ ਦੇ ਘੋਟਾਲੇ ਵਿੱਚ ਸ਼ਮੂਲੀਅਤ ਉੱਪਰ ਇੱਕ ਵੀ ਸ਼ਬਦ ਨਹੀਂ ਬੋਲਿਆ ਭਾਂਵੇ ਕਿ ਆਮ ਆਦਮੀ ਪਾਰਟੀ ਨੇ ਮੰਤਰੀ ਖਿਲਾਫ ਪੁਖਤਾ ਦਸਤਾਵੇਜ਼ੀ ਸਬੂਤ ਪੇਸ਼ ਕੀਤੇ ਹਨ। ਖਹਿਰਾ ਨੇ ਕਿਹਾ ਕਿ ਇਸੇ ਪ੍ਰਕਾਰ ਹੀ ਕੈਪਟਨ ਅਮਰਿੰਦਰ ਸਿੰਘ, ਜਾਖੜ ਅਤੇ ਕਾਂਗਰਸ ਦੇ ਹੋਰਨਾਂ ਸੀਨੀਅਰ ਆਗੂਆਂ ਨੇ ਬਿਕਰਮ ਮਜੀਠੀਆ ਦੀ ਡਰੱਗ ਤਸਕਰੀ ਵਿੱਚ ਸ਼ਮੂਲੀਅਤ ਉੱਪਰ ਸਾਜਿਸ਼ੀ ਚੁੱਪੀ ਧਾਰੀ ਹੋਈ ਹੈ, ਭਾਂਵੇ ਜਗਦੀਸ਼ ਭੋਲਾ, ਬਿੱਟੂ ਅੋਲਖ ਅਤੇ ਜਗਜੀਤ ਚਾਹਲ ਆਦਿ ਵਰਗੇ ਡਰੱਗ ਤਸਕਰਾਂ ਨੇ ਇਨਫੋਰਸਮੈਂਟ ਡਾਈਰੈਕਟੋਰੇਟ ਵੱਲੋਂ ਤਿਆਰ ਕੀਤੀ ਚਾਰਜਸ਼ੀਟ ਵਿੱਚ ਬਿਕਰਮ ਦਾ ਨਾਮ ਇੱਕ ਦੋਸ਼ੀ ਵਜੋਂ ਲਿਆ ਸੀ।
ਖਹਿਰਾ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਦੋਸਤਾਨਾ ਕੈਪਟਨ ਅਮਰਿੰਦਰ ਸਿੰਘ ਖਿਲਾਫ ਲੁਧਿਆਣਾ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇਮਪਰੂਵਮੈਂਟ ਟਰੱਸਟ ਦੇ ਦੋ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਸਾਹਮਣੇ ਆ ਗਿਆ ਹੈ। ਉਹਨਾਂ ਕਿਹਾ ਕਿ ਬਾਦਲਾਂ ਨੇ ਆਪਣੇ ਕਾਰਜਕਾਲ ਦੇ ਆਖਿਰ ੨੦੧੬ ਵਿੱਚ ਕੈਪਟਨ ਅਮਰਿੰਦਰ ਸਿੰਘ ਖਿਲਾਫ ਦੋਨਾਂ ਵੱਡੇ ਘੋਟਾਲਿਆਂ ਵਿੱਚ ਕੈਂਸਲੇਸ਼ਨ ਰਿਪੋਰਟ ਫਾਇਲ ਕੀਤੀ ਹੈ। ਖਹਿਰਾ ਨੇ ਕਿਹਾ ਕਿ ਇਹ ਸਿਰਫ ਸਿਮਰਜੀਤ ਸਿੰਘ ਬੈਂਸ ਐਮ.ਐਲ.ਏ ਅਤੇ ਪ੍ਰਧਾਨ ਲੋਕ ਇਨਸਾਫ ਪਾਰਟੀ ਅਤੇ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਹਨ ਜਿਹਨਾਂ ਨੇ ਬਾਦਲਾਂ ਵੱਲੋਂ ਫਾਇਲ ਕੀਤੀ ਕੈਂਸਲੇਸ਼ਨ ਰਿਪੋਰਟ ਨੂੰ ਚੁਣੋਤੀ ਦਿੱਤੀ ਹੈ।
ਖਹਿਰਾ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦ ਦੋਨੋ ਰਵਾਇਤੀ ਪਾਰਟੀਆਂ ਮੇਰੇ ਖਿਲਾਫ ਇਕੱਠੀਆਂ ਹੋਈਆਂ ਹਨ, ਆਮ ਆਦਮੀ ਪਾਰਟੀ ਨੂੰ ਦੋੜ ਵਿੱਚੋਂ ਬਾਹਰ ਕਰਨ ਲਈ ਇਹਨਾਂ ਨੇ ੨੦੧੭ ਵਿਧਾਨ ਸਭਾ ਚੋਣਾਂ ਦੋਰਾਨ ਆਪਸੀ ਗੰਢ ਤੁੱਪ ਕੀਤੀ ਸੀ। ਜਦ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਉੱਪਰ ਝੂਠੇ ਇਲਜਾਮ ਲਗਾਉਣ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਅਤੇ ਅਕਾਲੀ ਦਲ ਦੇ ਲੀਡਰ ਢਾਡੀ ਜਥੇ ਵਾਂਗ ਕੰਮ ਕਰਦੇ ਹਨ। ਦੋਨਾਂ ਪਾਰਟੀਆਂ ਦੇ ਲੀਡਰਾਂ ਨੇ ਰਲ ਕੇ ਅਰਵਿੰਦ ਕੇਜਰੀਵਾਲ ਨੂੰ ਅਰਾਜਕ ਅਤੇ ਆਮ ਆਦਮੀ ਪਾਰਟੀ ਨੂੰ ਗਰਮ ਖਿਆਲੀਆਂ ਵੱਲੋਂ ਹਮਾਇਤ ਅਤੇ ਫੰਡ ਕੀਤੀ ਜਾ ਰਹੀ ਪਾਰਟੀ ਕਹਿਦੇ ਹਨ, ਭਾਂਵੇ ਕਿ ਉਹ ਇਹ ਇਲਜਾਮ ਸਾਬਿਤ ਕਰਨ ਵਿੱਚ ਅਸਫਲ ਰਹੇ ਹਨ, ਖਹਿਰਾ ਨੇ ਦਾਅਵਾ ਕੀਤਾ।
ਖਹਿਰਾ ਨੇ ਕਿਹਾ ਕਿ ਮੇਰੇ ਉੱਪਰ ਹਮਲਾ ਕਰਨ ਵਿੱਚ ਕਾਂਗਰਸ ਅਤੇ ਅਕਾਲੀ ਦਲ ਆਗੂਆਂ ਦੀ ਇੱਕ ਸੁਰਤਾ ਇਹ ਸਪੱਸ਼ਟ ਤੋਰ ਉੱਤੇ ਦਰਸਾਉਂਦੀ ਹੈ ਕਿ ਉਹ ਮੇਰੀ ਕਾਰਜਸ਼ੈਲੀ ਤੋਂ ਬਹੁਤ ਬੁਰੀ ਤਰਾਂ ਨਾਲ ਡਰੇ ਅਤੇ ਘਬਰਾਏ ਪਏ ਹਨ।ਉਹਨਾਂ ਕਿਹਾ ਇਹ ਮੇਰਾ ਖੋਫ ਹੀ ਸੀ ਜਿਸ ਕਰਕੇ ਕਾਂਗਰਸ ਨੇ ਮੈਨੂੰ ਅਤੇ ਬੈਂਸ ਭਰਾਵਾਂ ਨੂੰ ਪੂਰੇ ਬਜਟ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਸੀ ਜਦਕਿ ਅਕਾਲੀ ਇਸ ਤਾਨਾਸ਼ਾਹੀ ਕਦਮ ਦੀ ਸ਼ਲਾਘਾ ਕਰ ਰਹੇ ਸਨ।
ਉਹਨਾਂ ਖਾਸ ਤੋਰ ਉੱਤੇ ਬਿਕਰਮ ਮਜੀਠੀਆ ਨੂੰ ਚੁਣੋਤੀ ਦਿੱਤੀ ਕਿ ਰਾਣਾ ਗੁਰਜੀਤ ਵੱਲੋਂ ਆਪਣੇ ਰਸੋਈਏ ਦੇ ਨਾਮ ਉੱਤੇ ਖੱਡਾਂ ਦੀ ਹੋਈ ਗੈਰਕਾਨੂੰਨੀ ਅਲਾਟਮੈਂਟ ਉੱਪਰ ਉਹ ਚੁੱਪ ਕਿਉਂ ਸੀ, ਇਹ ਤੱਥ ਤਾਂ ਜਸਟਿਸ ਨਾਰੰਗ ਕਮੀਸ਼ਨ ਨੇ ਵੀ ਸਾਬਿਤ ਕਰ ਦਿੱਤਾ ਸੀ। ਖਹਿਰਾ ਨੇ ਕਿਹਾ ਕਿ ਇਹ ਤੱਥ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ ਵਿੱਚ ਰਲੇ ਹੋਏ ਹਨ ਅਤੇ ਇੱਕ ਦੂਸਰੇ ਖਿਲਾਫ ਸਖਤ ਕਾਰਵਾਈ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਇਸ ਦੀ ਤਾਜਾ ਉਦਾਹਰਣ ੪੦ ਕਾਂਗਰਸੀ ਵਿਧਾਇਕਾਂ ਦਾ ਤਰਸਯੋਗ ਹਾਲ ਹੈ ਜੋ ਕਿ ਡਰੱਗਸ ਵਿੱਚ ਬਿਕਰਮ ਮਜੀਠੀਆ ਦੀ ਸ਼ਮੂਲੀਅਤ ਨੂੰ ਲੈ ਕੇ ਉਸ ਖਿਲਾਫ ਸਖਤ ਕਾਰਵਾਈ ਕਰਵਾਉਣ ਲਈ ਦਰ ਦਰ ਭਟਕ ਰਹੇ ਹਨ. ਪਰੰਤੂ ਕੈਪਟਨ ਅਮਰਿੰਦਰ ਸਿੰਘ ਇਹ ਜਨਤਕ ਬਿਆਨ ਦੇ ਕੇ ਬਚਾ ਰਹੇ ਹਨ ਕਿ ਉਸ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਹੈ।
ਖਹਿਰਾ ਨੇ ਕਿਹਾ ਕਿ ਜਿਥੇ ਤੱਕ ਵਿਰੋਧੀ ਧਿਰ ਦੇ ਨੇਤਾ ਪਦ ਤੋਂ ਅਸਤੀਫਾ ਦੇਣ ਦੀ ਗੱਲ ਹੈ ਤਾਂ ਉਹ ਆਪਣੀ ਪਾਰਟੀ ਦੇ ਕੇਂਦਰੀ ਅਤੇ ਸੂਬਾ ਯੂਨਿਟ ਸਮੇਤ ਆਪਣੇ ਵਿਧਾਇਕਾਂ ਦੇ ਫੈਸਲੇ ਦੀ ਪਾਲਣਾ ਕਰਨਗੇ ਅਤੇ ਭ੍ਰਿਸ਼ਟ ਅਤੇ ਡਰੱਗਸ ਦੇ ਮਾਮਲਿਆਂ ਵਿੱਚ ਦਾਗੀ ਆਗੂਆਂ ਬਿਕਰਮ ਮਜੀਠੀਆ, ਬੀਬੀ ਜਗੀਰ ਕੋਰ, ਰਾਜ ਕੁਮਾਰ ਵੇਰਕਾ ਆਦਿ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਹਨਾਂ ਨੇ ਚੁਣੋਤੀ ਦਿੱਤੀ ਕਿ ਸਿਆਸਤ ਵਿੱਚ ਨੈਤਿਕਤਾ ਅਤੇ ਸਿਧਾਂਤਾਂ ਦੇ ਮੁੱਦੇ ਉੱਪਰ ਉਹ ਜਦ ਮਰਜ਼ੀ ਜਿਥੇ ਮਰਜੀ ਖੁੱਲੀ ਬਹਿਸ ਕਰ ਲੈਣ।
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ ਕਿਸਾਨਾਂ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਦੇ ਨਿਪਟਾਰੇ ਲਈ ਕੀਤਾ ਪ੍ਰੇਰਿਤ...