ਟੀ-20 ਵਿਸ਼ਵ ਕੱਪ 2024 – ਅੱਜ ਨਿਊਯਾਰਕ ‘ਚ ਅਮਰੀਕਾ ਤੇ ਭਾਰਤ ਦੀ ਟੱਕਰ,ਬੱਲੇਬਾਜ਼ਾਂ ਲਈ ਰਨ ਬਣਾਉਣੇ ਹੋਣਗੇ ਮੁਸ਼ਕਿਲ
ਨਵੀਂ ਦਿੱਲੀ ,12 ਜੂਨ (ਵਿਸ਼ਵ ਵਾਰਤਾ) ਟੀ-20 ਵਿਸ਼ਵ ਕੱਪ 2024 ਦਾ 25ਵਾਂ ਮੈਚ ਅੱਜ ਭਾਰਤ ਅਤੇ ਅਮਰੀਕਾ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਨਿਊਯਾਰਕ ਦੇ ਨਾਸਾਓ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ ‘ਚ ਭਿੜਨਗੀਆਂ। ਮੈਚ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ ਖੇਡਿਆ ਜਾਵੇਗਾ, ਪਰ ਉਸ ਸਮੇਂ ਭਾਰਤ ਵਿੱਚ ਰਾਤ ਦੇ 8 ਵੱਜੇ ਹੋਣਗੇ । ਭਾਰਤ ਅਤੇ ਅਮਰੀਕਾ ਪਹਿਲੀ ਵਾਰ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਭਿੜਨਗੇ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਨਜ਼ਰ ਅਮਰੀਕਾ ਨੂੰ ਹਰਾ ਕੇ ਸੁਪਰ 8 ਦੌਰ ‘ਚ ਪ੍ਰਵੇਸ਼ ਕਰਨ ‘ਤੇ ਹੋਵੇਗੀ। ਹਾਲਾਂਕਿ ਰੋਹਿਤ ਬ੍ਰਿਗੇਡ ਅਮਰੀਕਾ ਨੂੰ ਹਲਕੇ ‘ਚ ਲੈਣ ਦੀ ਗਲਤੀ ਨਹੀਂ ਕਰੇਗੀ। ਭਾਰਤ ਵਾਂਗ ਅਮਰੀਕਾ ਨੇ ਵੀ ਲੀਗ ਪੜਾਅ ਦੇ ਪਹਿਲੇ ਦੋ ਮੈਚਾਂ ਵਿੱਚ ਜਿੱਤ ਦਾ ਝੰਡਾ ਲਹਿਰਾਇਆ ਹੈ। ਭਾਰਤ ਨੇ ਆਇਰਲੈਂਡ ਅਤੇ ਪਾਕਿਸਤਾਨ ਨੂੰ ਹਰਾਇਆ ਜਦੋਂ ਕਿ ਅਮਰੀਕਾ ਨੇ ਕੈਨੇਡਾ ਅਤੇ ਪਾਕਿਸਤਾਨ ਦੇ ਖਿਲਾਫ ਵੱਡੇ ਉਲਟਫੇਰ ਕੀਤੇ ਹਨ । ਨਸਾਓ ਕਾਊਂਟੀ ਗਰਾਊਂਡ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਨਹੀਂ ਸਮਝੀ ਜਾਂਦੀ । ਅਜਿਹੇ ‘ਚ ਅਮਰੀਕਾ ਖਿਲਾਫ ਭਾਰਤੀ ਬੱਲੇਬਾਜ਼ਾਂ ਦਾ ਢਿੱਲਾ ਰਵੱਈਆ ਮਹਿੰਗਾ ਸਾਬਤ ਹੋ ਸਕਦਾ ਹੈ। ਇੱਥੇ ਟੀਮਾਂ ਨੂੰ 100 ਦਾ ਅੰਕੜਾ ਛੂਹਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ । ਭਾਰਤ ਨੇ ਪਾਕਿਸਤਾਨ ਦੇ ਖਿਲਾਫ ਆਖਰੀ ਸੱਤ ਵਿਕਟਾਂ 30 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਸਨ, ਜਿਸ ਨਾਲ ਮੁਸ਼ਕਲ ਸਥਿਤੀ ਪੈਦਾ ਹੋ ਗਈ ਸੀ। ਪਰ ਗੇਂਦਬਾਜ਼ਾਂ ਦੀ ਤਾਕਤ ਨਿਊਯਾਰਕ ‘ਚ ਦੇਖਣ ਨੂੰ ਮਿਲੀ ਹੈ। ਦਮਦਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੋ ਮੈਚਾਂ ਵਿੱਚ ਪਲੇਅਰ ਆਫ ਦ ਮੈਚ ਰਹੇ। ਉਹ ਬੁੱਧਵਾਰ ਨੂੰ ਵੀ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਣਾ ਚਾਹੁਣਗੇ । ਅਮਰੀਕੀ ਟੀਮ ਵਿੱਚ ਭਾਰਤੀ ਮੂਲ ਦੇ ਕਈ ਖਿਡਾਰੀ ਹਨ। ਸੌਰਭ ਨੇਤਰਵਾਲਕਰ ਅਤੇ ਹਰਮੀਤ ਸਿੰਘ ਜਿਨ੍ਹਾਂ ਨੇ ਅਮਰੀਕਾ ਲਈ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ।