ਟੀ-20 ਵਿਸ਼ਵ ਕੱਪ
ਭਾਰਤ ਨੇ ਨੀਦਰਲੈਂਡ ਨੂੰ 56 ਦੌੜਾਂ ਨਾਲ ਹਰਾਇਆ
ਚੰਡੀਗੜ੍ਹ 27 ਅਕਤੂਬਰ(ਵਿਸ਼ਵ ਵਾਰਤਾ) – ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਨੀਦਰਲੈਂਡ ਨੂੰ 56 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ ਅਤੇ ਰੋਹਿਤ ਸ਼ਰਮਾ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ‘ਤੇ 20 ਓਵਰਾਂ ‘ਚ 179 ਦੌੜਾਂ ਬਣਾਈਆਂ। ਵਿਰਾਟ ਨੇ 44 ਗੇਂਦਾਂ ਵਿੱਚ 62, ਸੂਰਿਆ ਨੇ 25 ਗੇਂਦਾਂ ਵਿੱਚ 51 ਅਤੇ ਰੋਹਿਤ ਨੇ 39 ਗੇਂਦਾਂ ਵਿੱਚ 53 ਦੌੜਾਂ ਬਣਾਈਆਂ। ਨੀਦਰਲੈਂਡ ਲਈ ਫਰੇਡ ਕਲਾਸੇਨ ਅਤੇ ਪਾਲ ਵਾਨ ਮੇਕਰਨ ਨੇ 1-1 ਵਿਕਟਾਂ ਲਈਆਂ।
ਜਵਾਬ ‘ਚ ਨੀਦਰਲੈਂਡ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 123 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਅਤੇ ਅਸ਼ਵਿਨ ਨੇ 2-2 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਮੁਹੰਮਦ ਸ਼ਮੀ ਦੇ ਖਾਤੇ ਵਿੱਚ ਇੱਕ ਸਫਲਤਾ ਪਈ। ਇਸ ਜਿੱਤ ਨਾਲ ਭਾਰਤੀ ਟੀਮ 4 ਅੰਕਾਂ ਨਾਲ ਗਰੁੱਪ-2 ‘ਚ ਨੰਬਰ-1 ‘ਤੇ ਪਹੁੰਚ ਗਈ ਹੈ।