ਚੰਡੀਗੜ, 4 ਜੁਲਾਈ (ਵਿਸ਼ਵ ਵਾਰਤਾ);-ਟੀਮ ਇੰਡੀਆ 2021 ਨੇ ਰੀਜੇਨਰੋਨ (Regeneron) ਇੰਟਰਨੈਸ਼ਨਲ ਸਾਇੰਸ ਐਂਡ ਇੰਜੀਨੀਅਰਿੰਗ ਫੇਅਰ (ਆਈਐੱਸਈਐੱਫ) ਵਿੱਚ ਸਪੀਸੀਜ਼ ਵਿੱਚ ਅਬੀਓਟਿਕ ਸਟ੍ਰੈਸ ਦਾ ਵਿਰੋਧ ਕਰਨ ਵਾਲੀਆਂ ਜ਼ਿੰਮੇਵਾਰ ਜੀਨਜ਼ ਦੀ ਪਹਿਚਾਣ ਤੋਂ ਲੈ ਕੇ ਔਗਮੈਂਟਿਡ ਰਿਐਲਟੀ ਸਮਾਰਟ ਸਟੈਥੋਸਕੋਪ, ਜੋ ਨਾਨ-ਮੈਡੀਕਲਸ ਨੂੰ ਸਹੀ ਪਲਮਨਰੀ ਸਕ੍ਰੀਨਿੰਗ ਕਰਨ ਵਿੱਚ ਸਹਾਇਤਾ ਕਰਦਾ ਹੈ, ਤੱਕ ਨਵੀਨਤਾਵਾਂ ਲਈ 9 ਗ੍ਰੈਂਡ ਅਵਾਰਡ ਅਤੇ 8 ਸਪੈਸ਼ਲ ਅਵਾਰਡ ਜਿੱਤੇ ਹਨ। ਇਹ ਨਵਾਚਾਰ ਨੌਜਵਾਨ ਵਿਦਿਆਰਥੀਆਂ ਦੁਆਰਾ ਕੀਤੇ ਗਏ ਸਨ, ਜਿਨ੍ਹਾਂ ਨੇ ਪੁਰਸਕਾਰ ਜਿੱਤੇ ਅਤੇ ਦੇਸ਼ ਵਿੱਚ ਪ੍ਰਸ਼ੰਸਾ ਹਾਸਲ ਕੀਤੀ।
ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਨੇ, ਸਟੈਮ-ਆਈਆਰਆਈਐੱਸ (STEM -IRIS) ਨੈਸ਼ਨਲ ਮੇਲੇ ਵਿੱਚ ਖੋਜ ਅਤੇ ਨਵੀਨਤਾ ਲਈ ਪਹਿਲ ਦੇ 26 ਜੇਤੂਆਂ ਨਾਲ ਵਰਚੁਅਲੀ ਗੱਲਬਾਤ ਕੀਤੀ, ਜਿਨ੍ਹਾਂ ਨੇ ਰੀਜੇਨਰੋਨ ਅੰਤਰਰਾਸ਼ਟਰੀ ਵਿਗਿਆਨ ਅਤੇ ਇੰਜੀਨੀਅਰਿੰਗ ਉਤਸਵ (ਆਈਐੱਸਈਐੱਫ) ਵਿੱਚ ‘ਟੀਮ ਇੰਡੀਆ 2021’ ਵਜੋਂ ਭਾਗ ਲਿਆ ਸੀ। ਇਨ੍ਹਾਂ ਵਿਦਿਆਰਥੀਆਂ ਨੇ ਦੁਨੀਆ ਭਰ ਦੇ 64 ਦੇਸ਼ਾਂ, ਖੇਤਰਾਂ ਅਤੇ ਪ੍ਰਦੇਸ਼ਾਂ ਦੇ 1833 ਉਭਰ ਰਹੇ ਵਿਗਿਆਨੀਆਂ ਨਾਲ ਮੁਕਾਬਲਾ ਕੀਤਾ ਅਤੇ 17 ਪੁਰਸਕਾਰ ਜਿੱਤੇ।
ਪ੍ਰੋ. ਸ਼ਰਮਾ ਨੇ ਇਸ ਮੌਕੇ ਕਿਹਾ “ਰਚਨਾਤਮਕਤਾ ਗਿਆਨ ਦੇ ਬਿੰਦੂਆਂ ਨੂੰ ਜੋੜਦੀ ਹੈ। ਸਾਡਾ ਉਦੇਸ਼ ਕੁਝ ਵਿਪਰੀਤ ਮਹਾਰਤ ਵਾਲਾ ਇੱਕ ਰਚਨਾਤਮਕ ਚਿੰਤਕ ਬਣਨਾ ਅਤੇ ਬਿੰਦੂਆਂ ਨੂੰ ਜੋੜਨ ਲਈ ਪਹੁੰਚ ਹਾਸਲ ਕਰਨਾ ਹੋਣਾ ਚਾਹੀਦਾ ਹੈ।” ਉਨ੍ਹਾਂ ਸਾਰੇ ਪ੍ਰੋਜੈਕਟਾਂ ਦਾ ਅਧਿਐਨ ਕੀਤਾ ਅਤੇ ਜੇਤੂਆਂ ਨੂੰ ਉਨ੍ਹਾਂ ਦੁਆਰਾ ਕੀਤੀ ਖੋਜ ‘ਤੇ ਵਧਾਈ ਦਿੱਤੀ। ਇਸ ਮੌਕੇ ਡਾ. ਪ੍ਰਵੀਨ ਅਰੋੜਾ, ਮੁਖੀ ਐੱਨਸੀਐੱਸਟੀਸੀ, ਵਿਗਿਆਨ ਅਤੇ ਤਕਨਾਲੋਜੀ ਵਿਭਾਗ; ਅਤੇ ਸ਼੍ਰੀ ਸੁਜੀਤ ਬੈੱਨਰਜੀ, ਵਿਗਿਆਨੀ ਐੱਫ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਵੀ ਮੌਜੂਦ ਸਨ।
ਸੁਸ਼੍ਰੀ ਸ਼ੈਰਨ ਈ. ਕੁਮਾਰ, ਫੇਅਰ ਡਾਇਰੈਕਟਰ ਆਈਆਰਆਈਐੱਸ ਅਤੇ ਚੀਫ ਔਪ੍ਰੇਸ਼ਨ ਅਫਸਰ, EXSTEMPLAR ਐਜੂਕੇਸ਼ਨ ਲਿੰਕਰਸ ਫਾਊਂਡੇਸ਼ਨ, ਨੇ ਕਿਹਾ ਕਿ ਆਈਆਰਆਈਐੱਸ ਇੱਕ ਅਜਿਹਾ ਮੰਚ ਹੈ ਜੋ ਨਵੀਨਤਾ ਦੀ ਯਾਤਰਾ ਦਾ ਜਸ਼ਨ ਮਨਾਉਂਦਾ ਹੈ। ਆਈਆਰਆਈਐੱਸ ਵਰਗੇ ਪ੍ਰੋਗਰਾਮਾਂ ਦੀ ਸਫਲਤਾ ਦੇਸ਼ ਲਈ ਵੱਕਾਰ ਲਿਆਉਂਦੀ ਹੈ ਅਤੇ ਨੌਜਵਾਨ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਵਿਗਿਆਨਕ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੰਦੀ ਹੈ।
ਆਈਆਰਆਈਐੱਸ ਨੈਸ਼ਨਲ ਫੇਅਰ ਇਸ ਸਾਲ ਵਰਚੁਅਲੀ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਵਿੱਚ 65,000 ਤੋਂ ਵੱਧ ਵਿਦਿਆਰਥੀਆਂ ਅਤੇ ਵਿਗਿਆਨ ਪ੍ਰਤੀ ਉਤਸ਼ਾਹੀ ਲੋਕਾਂ ਨੇ ਹਿੱਸਾ ਲਿਆ। ਮੇਲੇ ਵਿੱਚ ਸ਼ਾਮਲ ਪ੍ਰੋਜੈਕਟਾਂ ਵਿੱਚ ਵਿਗਿਆਨਕ ਵਿਸ਼ਿਆਂ ਦੀ ਵਿਸ਼ਾਲ ਸ਼੍ਰੇਣੀ ਦੀ ਨੁਮਾਇੰਦਗੀ ਕੀਤੀ ਗਈ ਅਤੇ 21 ਸ਼੍ਰੇਣੀਆਂ ਦੇ ਅਧੀਨ ਨਿਰਣੈ ਕੀਤੇ ਗਏ। ਟੀਮ ਇੰਡੀਆ 2021 ਦੀ ਚੋਣ ਲਈ ਹਰੇਕ ਪ੍ਰੋਜੈਕਟ ਨੂੰ ਫੈਸਲਾ ਲੈਣ ਦੀ ਸਖਤ ਪ੍ਰਕਿਰਿਆ ਵਿਚੋਂ ਲੰਘਣਾ ਪਿਆ। ਇਸ ਤੋਂ ਬਾਅਦ ਆਈਆਰਆਈਐੱਸ ਵਿਗਿਆਨਕ ਸਮੀਖਿਆ ਕਮੇਟੀ ਦੇ ਮੈਂਬਰਾਂ ਦੁਆਰਾ ਟੀਮ ਨੂੰ ਆਈਐੱਸਈਐੱਫ ਵਿੱਚ ਹਿੱਸਾ ਲੈਣ ਲਈ ਤਿਆਰ ਕਰਨ ਲਈ ਸਲਾਹ ਮਸ਼ਵਰਾ ਦਿੱਤਾ ਗਿਆ।
‘ਆਈਆਰਆਈਐੱਸ ਨੈਸ਼ਨਲ ਫੇਅਰ’ ਐਕਸਸਟੇਮਲਪਰ ਐਜੂਕੇਸ਼ਨ ਲਿੰਕਰਜ਼ ਫਾਉਂਡੇਸ਼ਨ ਦਾ ਇੱਕ ਪ੍ਰੋਗਰਾਮ ਹੈ; ਜਿਸ ਨੂੰ ਬ੍ਰੌਡਕੋਮ ਦੁਆਰਾ ਫੰਡ ਕੀਤਾ ਜਾਂਦਾ ਹੈ ਅਤੇ ਇਹ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੁਆਰਾ ਸਮਰਥਤ ਹੈ। ਇਸ ਵਿੱਚ 10 ਤੋਂ 17 ਸਾਲ ਦੀ ਉਮਰ ਦੇ ਸਕੂਲ ਵਿਦਿਆਰਥੀ ਨਵੀਨ ਪ੍ਰੋਜੈਕਟਾਂ ਨਾਲ ਭਾਗ ਲੈ ਸਕਦੇ ਹਨ।
ਆਈਆਰਆਈਐੱਸ ਰਾਸ਼ਟਰੀ ਪੱਧਰ ਦੇ 5 ਮੈਗਾ-ਉਤਸਵਾਂ ਨਾਲ ਮੇਲ ਖਾਂਦਾ ਹੈ – ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ (ਐੱਨਸੀਐੱਸਸੀ); ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ਿਅਮਜ਼ (ਐੱਨਸੀਐੱਸਐੱਮ) ਦੁਆਰਾ ਵਿਗਿਆਨ ਉਤਸਵ; ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਦੁਆਰਾ ਜਵਾਹਰ ਲਾਲ ਨਹਿਰੂ ਵਿਗਿਆਨ ਉਤਸਵ; ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਵਿਗਿਆਨ ਪ੍ਰਦਰਸ਼ਨੀ; ਇਨੋਵੇਸ਼ਨ ਇਨ ਸਾਇੰਸ ਪਰਸੂਟ ਫਾਰ ਇੰਸਪਾਇਰਡ ਰਿਸਰਚ (ਇਨਸਪਾਇਰ) ਅਵਾਰਡ ਪ੍ਰੋਗਰਾਮ।
ਇਨ੍ਹਾਂ ਉਤਸਵਾਂ ਦੇ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ IRIS ਉਤਸਵ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਦੇਸ਼ ਭਰ ਵਿੱਚੋਂ ਉੱਤਮ ਕੁਆਲਟੀ ਦੇ ਪ੍ਰੋਜੈਕਟ ਭਾਰਤ ਦੀ ਪ੍ਰਤੀਨਿਧਤਾ ਕਰ ਸਕਣ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰ ਸਕਣ। ਇਹਨਾਂ ਉਤਸਵਾਂ ਵਿਚੋਂ ਚੁਣੇ ਗਏ ਰਾਸ਼ਟਰੀ ਪੁਰਸਕਾਰ ਜੇਤੂ ਪ੍ਰੋਜੈਕਟਾਂ ਨੂੰ ਮੈਂਟਰਨਿੰਗ ਅਤੇ ਮੁਲਾਂਕਣ ਕੈਂਪਾਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਆਪਣੇ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਹਰ ਉਤਸਵ ਦੇ 5 ਪ੍ਰੋਜੈਕਟ ਆਈਆਰਆਈਐੱਸ ਰਾਸ਼ਟਰੀ ਉਤਸਵ ਲਈ ਲੇਟਰਲ ਐਂਟਰੀਜ਼ ਵਜੋਂ ਚੁਣੇ ਜਾਂਦੇ ਹਨ। 70: 30 ਮਾਡਲ ਦਾ ਪਾਲਣ ਕੀਤਾ ਜਾਂਦਾ ਹੈ ਜਿਸਦੇ ਤਹਿਤ 70 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਖੁੱਲੇ ਮੁਕਾਬਲੇ ਵਿੱਚੋਂ ਚੁਣਿਆ ਜਾਂਦਾ ਹੈ ਅਤੇ ਬਾਕੀ 30% ਹੋਰ ਮੇਲਿਆਂ ਵਿੱਚੋਂ ਸਭ ਤੋਂ ਵਧੀਆ 5 ਵਿਦਿਆਰਥੀਆਂ ਵਿੱਚੋਂ ਚੁਣੇ ਜਾਂਦੇ ਹਨ।